ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 22 ਅਗਸਤ
ਸੰਗਰੂਰ ਜ਼ਿਲ੍ਹੇ ਦੇ ਬੇਨੜਾ ਪਿੰਡ ’ਚ ਝੋਨੇ ਦੀ ਕਾਸ਼ਤ ਲਈ ਵਡਮੁੱਲਾ ਪਾਣੀ ਬਚਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ‘ਰੇਨ ਗੰਨ’ ਵਿਧੀ ਨਾਲ ਸਿੰਜਾਈ ਕਰਵਾ ਕੇ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ। ਇਸ ਤਜ਼ਰਬੇ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰਾਮਵੀਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਸਮੇਤ ਬੇਨੜਾ ਪਿੰਡ ਦੇ ਕਿਸਾਨ ਨਿਰਮਲ ਸਿੰਘ ਦੇ ਖੇਤਾਂ ’ਚ ਪਹੁੰਚੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਰੇਨ ਗੰਨ’ ਜਿਸਨੂੰ ਬਣਾਉਟੀ ਮੀਂਹ ਵਰ੍ਹਾਉਣ ਲਈ ਵਰਤਿਆ ਜਾਂਦਾ ਹੈ ਰਾਹੀਂ ਝੋਨੇ ਦੀ ਫ਼ਸਲ ਦੀ ਕਾਸ਼ਤ ਕਰਨ ਨਾਲ ਰਵਾਇਤੀ ਤਰੀਕਿਆਂ ਦੇ ਮੁਕਾਬਲੇ 50 ਫੀਸਦ ਤੱਕ ਪਾਣੀ ਦੀ ਬੱਚਤ ਹੋਵੇਗੀ ਸ੍ਰੀ ਰਾਮਵੀਰ ਨੇ ਕਿਹਾ ਕਿ ਇਸ ਵਿਧੀ ਨਾਲ ਸਿੰਜੇ ਗਏ ਝੋਨੇ ਦੀ ਵਾਢੀ ਕਰਨ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਵਿਸਥਾਰਤ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਜਿਸ ਦੇ ਆਧਾਰ ’ਤੇ ਮਾਹਿਰਾਂ ਵੱਲੋਂ ਇਸਨੂੰ ਵੱਡੇ ਪੱਧਰ ’ਤੇ ਅਪਣਾਉਣ ਲਈ ਹਦਾਇਤਾਂ ਕੀਤੀਆਂ ਜਾਣਗੀਆਂ। ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਰੇਨ ਗਨ ਦੀ ਵਰਤੋਂ ਨਾਲ ਫ਼ਸਲ ’ਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ।