ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਜੁਲਾਈ
ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਡੀਜੀਆਰ ਮੁਹਾਲੀ ਦੇ ਦਫ਼ਤਰ ਵਿੱਚ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਟੇਟ ਡੇਟਾ ਸੈਂਟਰ ਦਾ ਵੀ ਦੌਰਾ ਕੀਤਾ। ਸਰਕਾਰ ਦੀ ਤਰਫ਼ੋਂ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਮੀਤ ਹੇਅਰ ਨੇ ਨਿਰਧਾਰਿਤ ਸਮੇਂ ਅੰਦਰ ਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੀ ਹਦਾਇਤ ਕੀਤੀ। ਪ੍ਰਸ਼ਾਸਕੀ ਸੁਧਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਆਈਟੀ ਅਤੇ ਈ-ਗਵਰਨੈਂਸ ਪ੍ਰਾਜੈਕਟਾਂ ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਿਤ ਕਰਦਾ ਹੈ। ਵਿਭਾਗ ਆਪਣੀ ਲਾਗੂਕਰਨ ਏਜੰਸੀ, ਪੀਐੱਸਈਜੀਐੱਸ ਜਿਵੇਂ ਸੇਵਾ ਕੇਂਦਰ, ਅਨਫਾਈਡ ਹੈਲਪਲਾਈਨ ਨੰਬਰ 1100, ਪੀਜਆਰਐੱਸ, ਆਨਲਾਈਨ ਦਾਖ਼ਲਾ ਪੋਰਟਲ, ਆਰਟੀਆਈ ਪੋਰਟਲ, ਪੀਏਡਬਲਿਊਏਐਨ, ਸਟੇਟ ਡੇਟਾ ਸੈਂਟਰ, ਈ-ਸੇਵਾ, ਈ-ਦਫ਼ਤਰ, ਜੀਈਪੀਐੱਨਆਈਸੀ ਆਦਿ ਰਾਹੀਂ ਕਈ ਪ੍ਰਾਜੈਕਟ ਚਲਾ ਰਿਹਾ ਹੈ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕਣ ਲਈ ਵਟਸਐਪ ਹੈਲਪਲਾਈਨ, ਮੋਬਾਈਲ ਐਪਸ, ਸਟੇਟ ਡੇਟਾ ਪਾਲਿਸੀ ਵਰਗੇ ਹੋਰ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ। ਮੀਤ ਹੇਅਰ ਨੇ ਕਿਹਾ ਕਿ ਸੇਵਾ ਕੇਂਦਰਾਂ ’ਚ ਕਿਸੇ ਵੀ ਨਾਗਰਿਕ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸੂਰਤ ’ਚ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾਵੇਗੀ ਤੇ ਸੇਵਾ ਕੇਂਦਰਾਂ ਦੀਆਂ ਸਰਵਿਸ ਅਪਰੇਟਰ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਵਿਭਾਗ ਨੂੰ ਘਰ-ਘਰ ਸੇਵਾਵਾਂ ਪਹੁੰਚਾਉਣ ਦੇ ਢੰਗ-ਤਰੀਕਿਆਂ ਦੀ ਪੜਚੋਲ ਕਰਨ ਦੀ ਵੀ ਹਦਾਇਤ ਕੀਤੀ ਹੈ।