ਖੇਤਰੀ ਪ੍ਰਤੀਨਿਧ
ਬਰਨਾਲਾ, 15 ਫਰਵਰੀ
ਸੂਬੇ ਦੀਆਂ ਦੋ ਇਨਕਲਾਬੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਅਤੇ ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਵੱਲੋਂ ਨਵਾਂ ਇਨਕਲਾਬੀ ਬਦਲ ਉਭਾਰਨ ਹਿੱਤ ਸਥਾਨਕ ਸ਼ਕਤੀ ਕਲਾ ਮੰਦਰ ਵਿਖੇ ‘ਰਾਜ ਬਦਲੋ, ਸਮਾਜ ਬਦਲੋ’ ਕਨਵੈਨਸ਼ਨ ਕਰਵਾਈ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਮੌਜੂਦਾ ਪਾਰਲੀਮਾਨੀ ਪ੍ਰਬੰਧ, ਜਿਸ ਕਦਰ ਸਿਆਸੀ ਨਿਘਾਰ ਦੀ ਹਾਲਤ ਵਿੱਚ ਪਹੁੰਚ ਗਿਆ ਹੈ, ਉਸ ਕੋਲੋਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਹੋਣ ਦੀ ਆਸ ਸਮਾਪਤ ਹੋ ਚੁੱਕੀ ਹੈ। ਕੇਂਦਰ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹਾਕਮ ਜਮਾਤਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ, ਇਨ੍ਹਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਜਾਤਾਂ, ਗੋਤਾਂ, ਧਰਮਾਂ, ਕਬੀਲਿਆਂ ਦੇ ਨਾਂ ’ਤੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਲਾਗੂ ਕਰਦੀਆਂ ਹਨ।
ਬੁਲਾਰਿਆਂ ਨੇ ਲੋਕਾਂ ਨੂੰ ਵੋਟਾਂ ਤੋਂ ਝਾਕ ਛੱਡ ਕੇ ਆਪਣੇ ਸੰਘਰਸ਼ਾਂ ਨੂੰ ਤਕੜੇ ਕਰਨ ਦਾ ਸੱਦਾ ਦਿੱਤਾ। ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਵਾਜਬ ਭਾਅ ਲੈਣ ਲਈ ਅਤੇ ਖਰੀਦ ਦੀ ਗਾਰੰਟੀ ਲਈ ਹੋਰ ਤਕੜੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਭਾਰਤ ਲਈ ਸੰਸਾਰ ਵਪਾਰ ਜਥੇਬੰਦੀਆਂ ਵਰਗੀਆਂ ਸੰਸਥਾਵਾਂ ਤੋਂ ਬਾਹਰ ਆਉਣ ਦੀ ਮੰਗ ਸਮੇਂ ਦੀ ਲੋੜ ਹੈ। ਆਗੂਆਂ ਨੇ ਲੋਕ ਸੰਘਰਸ਼ਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿਆਸੀ ਨਜ਼ਰਬੰਦਾਂ ’ਤੇ ਸਜ਼ਾ ਪੂਰੀ ਕਰ ਚੁੱਕੇ ਸਿਆਸੀ ਅਤੇ ਆਮ ਕੈਦੀਆਂ ਦੀ ਰਿਹਾਈ ਅਤੇ ਯੂਏਪੀਏ ਅਤੇ ਅਫਸਪਾ ਵਰਗੇ ਕਾਲੇ ਕਾਨੂੰਨ ਖਤਮ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਦੇਵ ਮੰਡੇਰ ਅਤੇ ਨਰਿੰਦਰ ਸਿੰਗਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਕਨਵੈਨਸ਼ਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕੀਤਾ ਗਿਆ।