ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਜਨਵਰੀ
ਚੋਣ ਕਮਿਸ਼ਨ ਨੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ’ਤੇ ਨਜ਼ਰ ਰੱਖਣ ਲਈ ਹਾਈਟੈੱਕ ਵਾਹਨ ਰਵਾਨਾ ਕੀਤੇ ਹਨ। ਜੀਪੀਐੱਸ ਸਿਸਟਮ ਨਾਲ ਲੈੱਸ ਇਨ੍ਹਾਂ ਵਾਹਨਾਂ ਵਿੱਚ ਰਿਵਾਲਵਿੰਗ ਕੈਮਰੇ ਲਾਏ ਗਏ ਹਨ। ਫਲਾਈਂਗ ਸਕੁਐੱਡ ਵੀ ਇਲਾਕਿਆਂ ਵਿੱਚ ਨਾਕੇ ਲਾ ਕੇ ਜਾਂਚ ਕਰਨਗੇ।
ਵੇਰਵਿਆਂ ਅਨੁਸਾਰ ਚੋਣ ਕਮਿਸ਼ਨ ਤਰਫੋਂ ਹਰ ਖੇਤਰ ਲਈ ਤਿੰਨ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਗੱਡੀਆਂ ਦਾ ਪੂਰਾ ਕੰਟਰੋਲ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਚੰਡੀਗੜ੍ਹ ਸਥਿਤ ਚੋਣ ਕਮਿਸ਼ਨ ਦਫ਼ਤਰ ਕੋਲ ਹੋਵੇਗਾ। ਜੀਪੀਐੱਸ ਸਿਸਟਮ ਨਾਲ ਲੈੱਸ ਵਾਹਨਾਂ ਵਿੱਚ ਰਿਵਾਲਵਿੰਗ ਕੈਮਰੇ ਲੱਗੇ ਹੋਏ ਹਨ। ਇਹ ਵਾਹਨ ਜਿਥੋਂ ਵੀ ਲੰਘਣਗੇ, ਉਥੇ ਰਿਕਾਰਡਿੰਗ ਹੋਵੇਗੀ। ਵਾਹਨਾਂ ਦਾ ਕੰਟਰੋਲ ਰੂਮ ਚੋਣ ਕਮਿਸ਼ਨ ਦੇ ਦਫ਼ਤਰ ਚੰਡੀਗੜ੍ਹ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਬਣਾਏ ਗਏ ਹਨ। ਇਨ੍ਹਾਂ ਗੱਡੀਆਂ ਵਿੱਚ ਜੀਪੀਐੱਸ ਵੀ ਲਾਇਆ ਗਿਆ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ’ਤੇ ਨਜ਼ਰ ਰੱਖੀ ਜਾ ਸਕਦੀ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਨੇੜਲੇ ਵਾਹਨ ਨੂੰ ਮੌਕੇ ’ਤੇ ਭੇਜਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਗੱਡੀਆਂ ’ਤੇ ਰਿਵਾਲਵਿੰਗ ਕੈਮਰੇ ਹਨ, ਜੋ ਸਭ ਕੁਝ ਖੁਦ ਰਿਕਾਰਡ ਕਰਦੇ ਹਨ। ਮੋਗਾ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਐੱਸਡੀਐੱਮ ਸਤਵੰਤ ਸਿੰਘ ਨੇ ਦੱਸਿਆ ਕਿ ਵੀਡੀਓ ਨਿਗਰਾਨੀ ਟੀਮਾਂ ਅਤੇ ਵੀਡੀਓ ਦੇਖਣ ਵਾਲੀਆਂ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ। ਵੀਡੀਓ ਕੈਮਰਿਆਂ ਰਾਹੀਂ ਇਹ ਟੀਮਾਂ ਰੈਲੀਆਂ ਅਤੇ ਸਿਆਸੀ ਪਾਰਟੀਆਂ ਦੇ ਕੰਮਕਾਜ ’ਤੇ ਨਜ਼ਰ ਰੱਖਣਗੀਆਂ।
ਸਿਆਸੀ ਆਗੂ ਸਰਕਾਰੀ ਕੰਮ ਵਿੱਚ ਨਹੀਂ ਕਰ ਸਕਦੇ ਸ਼ਿਰਕਤ: ਨਈਅਰ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰੀਸ਼ ਨਈਅਰ ਨੇ ਕਿਹਾ ਕਿ ਸਟੈਟਿਕ ਸਰਵੇਂਲੈਂਸ ਟੀਮਾਂ ਅਤੇ ਉੱਡਣ ਦਸਤਿਆਂ ਤੇ ਹੋਰ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਕੰਮ ਵਿੱਚ ਸਿਆਸੀ ਵਿਅਕਤੀ ਸ਼ਮੂਲੀਅਤ ਨਹੀਂ ਕਰ ਸਕਣਗੇ। ਸਰਕਾਰੀ ਸਕੀਮ ਤਹਿਤ ਕਿਸੇ ਕਿਸਮ ਦੇ ਵਸਤੂਗਤ ਲਾਭਾਂ ਦੀ ਵੰਡ, ਜਿਵੇਂ ਸਾਈਕਲਾਂ/ਸਿਲਾਈ ਮਸ਼ੀਨਾਂ, ਸਪੋਰਟਸ ਕਿੱਟਾਂ ਦੀ ਵੰਡ ਚੋਣ ਜ਼ਾਬਤੇ ਦੌਰਾਨ ਨਹੀਂ ਕਰਨਗੇ। ਚੋਣਾਂ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਕਰੰਸੀ ਦੀ ਵਰਤੋਂ ਰੋਕਣ ਲਈ ਚੈਕਿੰਗ ਕਰਨ ਲਈ ਟੀਮਾਂ ਨੂੰ ਲਗਾਇਆ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ 24 ਘੰਟੇ ਚੈਕਿੰਗ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਕੋਈ ਕਰੰਸੀ ਜ਼ਬਤ ਕੀਤੀ ਜਾਂਦੀ ਹੈ ਤਾਂ ਉਸ ਨੂੰ ਉਸ ਸਮੇਂ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖ਼ਜ਼ਾਨਾ ਅਤੇ ਸਬ ਖ਼ਜ਼ਾਨਾ ਦਫ਼ਤਰਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ।