ਰਵੇਲ ਸਿੰਘ ਭਿੰਡਰ
ਪਟਿਆਲਾ, 18 ਜੂਨ
ਪੰਜਾਬ ਅੰਦਰ ਪੈ ਰਹੀ ਗਰਮੀ ਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਬਿਜਲੀ ਦੀ ਮੰਗ ਜ਼ੋਰ ਫੜਨ ਲੱਗੀ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਪਾਵਰਕੌਮ ਨੇ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਭਖਾਉਣ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦੇ ਚਾਰ ’ਚੋਂ ਤਿੰਨ ਯੂਨਿਟ ਭਖਾ ਦਿੱਤੇ ਹਨ ਪਰ ਅੱਜ ਬਿਜਲੀ ਦੀ ਮੰਗ 12377 ਮੈਗਾਵਾਟ ਦੇ ਅੰਕੜੇ ’ਤੇ ਪਹੁੰਚਣ ਕਾਰਨ ਪਾਵਰਕੌਮ ਮੈਨੇਜਮੈਂਟ ਫਿਕਰਾਂ ’ਚ ਪੈ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਬਿਜਲੀ ਦੀ ਮੰਗ ਦਾ ਸਿਖਰਲਾ 13606 ਮੈਗਾਵਾਟ ਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਉਚੀ ਮੰਗ ਦਾ ਅੰਕੜਾ ਸੀ। ਇਹ ਦਰ ਪਹਿਲੀ ਜੁਲਾਈ ਨੂੰ ਮਾਪੀ ਗਈ ਸੀ ਪਰ ਹਾਲੇ ਅੱਧ ਜੂਨ ਹੀ ਲੰਘੀ ਹੈ ਕਿ ਬਿਜਲੀ ਦੀ ਮੰਗ ਵੱਡੀ ਛਲਾਂਗ ਮਾਰਨ ਲੱਗੀ ਹੈ। ਬਿਜਲੀ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਵਧ ਰਹੀ ਹੈ।