ਚਰਨਜੀਤ ਭੁੱਲਰ
ਚੰਡੀਗੜ੍ਹ, 11 ਸਤੰਬਰ
ਪੰਜਾਬ ਵਿੱਚ ਵਧ ਰਹੀ ਤਪਸ਼ ਨੇ ਪਾਵਰਕੌਮ ਦਾ ਫ਼ਿਕਰ ਵਧਾ ਦਿੱਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਤੰਬਰ ਮਹੀਨੇ ਵਿੰਚ ਵੀ ਬਿਜਲੀ ਦੀ ਖ਼ਪਤ ਸਿਖਰ ਵੱਲ ਜਾ ਰਹੀ ਹੋਵੇ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ ਸਤੰਬਰ ਮਹੀਨੇ ਦੇ ਪਹਿਲੇ ਦਸ ਦਿਨਾਂ ਦੌਰਾਨ ਬਿਜਲੀ ਦੀ ਖ਼ਪਤ ਪਿਛਲੇ ਵਰ੍ਹੇ ਦੇ ਮੁਕਾਬਲੇ 14 ਫ਼ੀਸਦ ਵੱਧ ਦਰਜ ਕੀਤੀ ਗਈ ਹੈ ਅਤੇ ਇਨ੍ਹਾਂ ਦਸ ਦਿਨਾਂ ਦੌਰਾਨ ਬਿਜਲੀ ਦੀ ਮੰਗ ਵਿੱਚ ਛੇ ਫ਼ੀਸਦ ਵਾਧਾ ਹੋਇਆ ਹੈ। ਸਤੰਬਰ ਦੀ ਮੰਗ ਨੇ ਤਾਂ ਪਿਛਲੇ ਤਿੰਨ ਮਹੀਨਿਆਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ 10 ਸਤੰਬਰ ਨੂੰ ਬਿਜਲੀ ਦੀ ਖਪਤ ਵਿੱਚ 39 ਫ਼ੀਸਦ ਵਾਧਾ ਦਰਜ ਹੋਇਆ ਹੈ, ਜਦਕਿ 4 ਸਤੰਬਰ ਨੂੰ ਇਹੀ ਵਾਧਾ 36 ਫ਼ੀਸਦ ਸੀ। ਬੀਤੇ ਕੱਲ੍ਹ ਬਿਜਲੀ ਦੀ ਵੱਧ ਤੋਂ ਵੱਧ ਮੰਗ 13,844 ਮੈਗਾਵਾਟ ਸੀ, ਜਦਕਿ ਪਿਛਲੇ ਵਰ੍ਹੇ 10 ਸਤੰਬਰ ਨੂੰ ਇਹ ਮੰਗ 10,398 ਮੈਗਾਵਾਟ (33 ਫ਼ੀਸਦ ਘੱਟ) ਦਰਜ ਕੀਤੀ ਗਈ ਸੀ। ਪਾਵਰਕੌਮ ਦੇ ਸਾਬਕਾ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੰਜਾਬ ਦੀ ਜੀਵਨ ਸ਼ੈਲੀ ਬਦਲ ਗਈ ਹੈ ਤੇ ਮੌਸਮੀ ਤਬਦੀਲੀ ਪੰਜਾਬ ਨੂੰ ਸੰਭਲਣ ਦੇ ਸੰਕੇਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਐਤਕੀਂ ਸਤੰਬਰ ਮਹੀਨੇ ਵਿੱਚ ਵੀ ਏਸੀ ਚੱਲ ਰਹੇ ਹਨ, ਜਿਸ ਕਰ ਕੇ ਬਿਜਲੀ ਦੀ ਖਪਤ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਇਸ ਵਾਰ ਝੋਨੇ ਦੀ ਲਵਾਈ ਸਮੇਂ ਪੰਜਾਬ ਨੂੰ ਬਿਜਲੀ ਦੇ ਕੱਟ ਨਹੀਂ ਝੱਲਣੇ ਪਏ। ਪਾਵਰਕੌਮ ਦੀ ਮੈਨੇਜਮੈਂਟ ਨੇ ਸਮਾਰਟ ਨੀਤੀ ਖੇਡੀ ਜਿਸ ਤਹਿਤ ਬੈਂਕਿੰਗ ਰਾਹੀਂ ਬਿਜਲੀ ਵੇਚੀ ਵੀ ਗਈ ਤੇ ਖ਼ਰੀਦ ਵੀ ਕੀਤੀ ਗਈ। ਭਾਵੇਂ ਕਿ ਪਾਵਰਕੌਮ ਬਿਜਲੀ ਦੀ ਮੰਗ ਦੇ ਵਾਧੇ ਦੇ ਮੱਦੇਨਜ਼ਰ ਬਿਜਲੀ ਸਪਲਾਈ ਦੇਣ ਲਈ ਜੱਦੋ-ਜਹਿਦ ਕਰ ਰਿਹਾ ਹੈ, ਪਰ ਲੰਬਾ ਸਮਾਂ ਇਸੇ ਰਫ਼ਤਾਰ ’ਤੇ ਬਿਜਲੀ ਦੀ ਮੰਗ ਬਣੀ ਰਹੀ ਤਾਂ ਹਾਲਾਤ ਵਿਗੜ ਸਕਦੇ ਹਨ। ਪੰਜਾਬ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫ਼ਤ ਦਿੱਤੇ ਜਾਣ ਮਗਰੋਂ ਪਾਵਰਕੌਮ ਵਿੱਤੀ ਸੰਕਟ ਵੱਲ ਵਧਣ ਲੱਗਾ ਹੈ ਤੇ ਪਾਵਰਕੌਮ ਦੇ ਵਿੱਤੀ ਵਸੀਲੇ ਸੁੰਗੜਨ ਲੱਗੇ ਹਨ। ਹੈਰਾਨ ਕਰਨ ਵਾਲੇ ਤੱਥ ਇਹ ਹਨ ਕਿ ਪੰਜਾਬ ਦੇ 96 ਫ਼ੀਸਦ ਖਪਤਕਾਰਾਂ ਨੂੰ ਹੁਣ ਬਿਜਲੀ ਸਬਸਿਡੀ ਮਿਲ ਰਹੀ ਹੈ। ਪਿਛਲੀ ਸਰਕਾਰ ਵੱਲੋਂ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਬਿਜਲੀ ਸਬਸਿਡੀ ਦੇਣੀ ਸ਼ੁਰੂ ਕੀਤੀ ਗਈ ਸੀ, ਜੋ ਕਿ ਹੁਣ ਵੀ ਜਾਰੀ ਹੈ। ਇਨ੍ਹਾਂ 96 ਫ਼ੀਸਦ ਖਪਤਕਾਰਾਂ ’ਚੋਂ 72 ਫ਼ੀਸਦੀ ਖ਼ਪਤਕਾਰਾਂ ਨੂੰ ਜ਼ੀਰੋ ਬਿੱਲ ਆ ਰਹੇ ਹਨ। ਸਿਰਫ਼ 4 ਫ਼ੀਸਦ ਖ਼ਪਤਕਾਰ ਹੀ ਹਨ, ਜਿਨ੍ਹਾਂ ਨੂੰ ਕੋਈ ਸਬਸਿਡੀ ਨਹੀਂ ਮਿਲ ਰਹੀ। ਅਗਸਤ ਮਹੀਨੇ ਦਾ ਘਰੇਲੂ ਬਿਜਲੀ ਖਪਤਕਾਰਾਂ ਦੀ ਸਬਸਿਡੀ ਦਾ ਬਿੱਲ 650 ਕਰੋੜ ਰੁਪਏ ਦਾ ਬਣ ਗਿਆ ਹੈ, ਜਦਕਿ ਪਿਛਲੇ ਵਰ੍ਹੇ ਇਸੇ ਮਹੀਨੇ ਦਾ ਸਬਸਿਡੀ ਬਿੱਲ 180 ਕਰੋੜ ਰੁਪਏ ਦਾ ਸੀ। ਜ਼ੀਰੋ ਬਿੱਲਾਂ ਨੇ ਪਾਵਰਕੌਮ ਦੀ ਵਿੱਤੀ ਚੂਲ ਹਿਲਾ ਦਿੱਤੀ ਹੈ। ਅਗਸਤ ਮਹੀਨੇ ਦੀ ਸਬਸਿਡੀ ਵੱਲ ਦੇਖੀਏ ਤਾਂ ਪੰਜਾਬ ਸਰਕਾਰ ਪ੍ਰਤੀ ਘੰਟਾ ਦੋ ਕਰੋੜ ਰੁਪਏ ਬਿਜਲੀ ਸਬਸਿਡੀ ’ਤੇ ਖ਼ਰਚ ਰਹੀ ਹੈ ਅਤੇ ਰੋਜ਼ਾਨਾ ਔਸਤ 50 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ।
ਸੰਜਮ ਨਾਲ ਬਿਜਲੀ ਵਰਤਣ ਦਾ ਵੇਲਾ: ਸਰਾਂ
ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਪਤਕਾਰ ਮੌਜੂਦਾ ਮੌਸਮੀ ਹਾਲਾਤ ਨੂੰ ਦੇਖਦੇ ਹੋਏ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ। ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਹਾਲੇ ਤੱਕ ਕੋਈ ਬਿਜਲੀ ਦਾ ਕੱਟ ਨਹੀਂ ਲੱਗਣ ਦਿੱਤਾ ਹੈ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ, ਪਰ ਬਿਜਲੀ ਲੋਡ ਨੂੰ ਕਾਬੂ ਵਿੱਚ ਰੱਖਣ ਲਈ ਖ਼ਪਤਕਾਰ ਸਹਿਯੋਗ ਕਰਨ।