ਜਗਜੀਤ ਸਿੰਘ
ਮੁਕੇਰੀਆਂ, 20 ਅਕਤੂਬਰ
ਸੂਬੇ ਦੇ ਸਭ ਤੋਂ ਵੱਡੇ 225 ਮੈਗਾਵਾਟ ਦੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੇ ਪਾਵਰ ਹਾਊਸ ਨੰਬਰ 2 ਕੋਲ ਪੈਂਦੇ ਪਿੰਡ ਨਿੱਕੂ ਚੱਕ ਨੇੜੇ ਸਾਈਫਨ ਵਿੱਚ ਵਧ ਰਹੀ ਲੀਕੇਜ ਅਤੇ ਹੇਠਾਂ ਧਸਦੇ ਜਾ ਰਹੇ ਧੁੱਸੀ ਬੰਨ੍ਹ ਕਾਰਨ ਕਦੇ ਵੀ ਨਹਿਰ ਵਿੱਚ ਪਾੜ ਪੈ ਸਕਦਾ ਹੈ। ਕਰੀਬ ਸਾਢੇ 11 ਹਜ਼ਾਰ ਕਿਊਸਿਕ ਪਾਣੀ ਦੀ ਸਮਰੱਥਾ ਵਾਲੀ ਇਸ ਨਹਿਰ ’ਤੇ ਬਣੇ 5 ਪਾਵਰਹਾਊਸਾਂ ਨਾਲ ਪਾਵਰਕੌਮ ਨੂੰ ਰੋਜ਼ਾਨਾ ਕਰੀਬ 3 ਕਰੋੜ ਦੀ ਆਮਦਨ ਹੁੰਦੀ ਹੈ।
ਨਹਿਰ ਦੀ ਦਿਨੋ-ਦਿਨ ਖਸਤਾ ਹੋ ਰਹੀ ਹਾਲਤ ਦਾ ਕਾਰਨ ਇੱਥੇ ਨਿਗਰਾਨ ਅਧਿਕਾਰੀਆਂ ਦੀ ਪੱਕੀ ਤਾਇਨਾਤੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਥਾਨ ’ਤੇ ਕੁਝ ਸਾਲ ਪਹਿਲਾਂ ਵੀ ਪਾੜ ਪੈ ਚੁੱਕਿਆ ਹੈ, ਜਿਸ ਨਾਲ ਨੇੜਲੇ ਪਿੰਡਾਂ ਤੇ ਸਰਕਾਰ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਸੀ। ਕਰੀਬ 3 ਮਹੀਨੇ ਨਹਿਰ ਵੀ ਬੰਦ ਰਹੀ ਸੀ। ਇਸ ਸਥਾਨ ’ਤੇ ਨਿਗਰਾਨੀ ਲਈ ਬਣਾਈ ਚੌਕੀ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਹੈ।
ਕਰੀਬ 26 ਸਾਲ ਪੁਰਾਣੀ ਅਤੇ 36 ਕਿਲੋਮੀਟਰ ਲੰਬੀ ਨਹਿਰ ਵਿੱਚ ਰਾਜਸਥਾਨ ਨੂੰ ਸਿੰਜਾਈ ਲਈ 11500 ਕਿਊਸਿਕ ਪਾਣੀ ਛੱਡਿਆ ਜਾਂਦਾ ਹੈ। ਇਸ ਨਹਿਰ ਦੀਆਂ ਖਸਤਾ ਹਾਲਤ ਕਰੀਬ 2000 ਸਲੈਬਾਂ ਦੀ ਮੁਰੰਮਤ ਲਈ ਸਾਲ 2021-22 ਦੌਰਾਨ ਕਰੀਬ 3 ਕਰੋੜ ਖਰਚੇ ਗਏ ਸਨ। ਵਿਭਾਗੀ ਸੂਤਰਾਂ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਇੱਥੇ ਆਰਜ਼ੀ ਜਾਂ ਵਾਧੂ ਚਾਰਜ ਵਾਲੇ ਨਿਗਰਾਨ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਇਸ ਸਬੰਧੀ ਕੋਈ ਦਿਲਚਸਪੀ ਨਹੀਂ ਦਿਖਾਈ ਜਾਂਦੀ। ਕਈ ਅਧਿਕਾਰੀ ਪ੍ਰਾਜੈਕਟ ਦੇ ਦਫ਼ਤਰ ਵਿੱਚ ਆਉਣ ਦੀ ਥਾਂ ਮੁਹਾਲੀ ਜਾਂ ਚੰਡੀਗੜ੍ਹ ਤੋਂ ਹੀ ਪ੍ਰਾਜੈਕਟ ਦੇ ਦਫ਼ਤਰ ਚਲਾ ਰਹੇ ਹਨ।
ਹੇਠਲੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਜਾਵੇਗੀ: ਚੀਫ਼ ਇੰਜਨੀਅਰ
ਵਿਭਾਗੀ ਚੀਫ਼ ਇੰਜਨੀਅਰ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਹੇਠਲੇ ਅਧਿਕਾਰੀਆਂ ਤੋਂ ਤੁਰੰਤ ਰਿਪੋਰਟ ਮੰਗਣਗੇ। ਉਨ੍ਹਾਂ ਮੰਨਿਆ ਕਿ ਮੁਕੇਰੀਆਂ ਹਾਈਡਲ ਪ੍ਰਾਜੈਕਟ ’ਤੇ ਸਟਾਫ ਦੀ ਘਾਟ ਹੈ ਅਤੇ ਪੱਕੇ ਅਧਿਕਾਰੀਆਂ ਦੀ ਤਾਇਨਾਤੀ ਨਾਲ ਜੂਝਣਾ ਪੈ ਰਿਹਾ ਹੈ। ਸੰਭਾਵੀ ਨੁਕਸਾਨ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਕਈ ਵੱਡੇ ਨੁਕਸਾਨਾਂ ਨਾਲ ਹਾਈਡਲ ਪ੍ਰਾਜੈਕਟਾਂ ਨੂੰ ਜੂਝਣਾ ਪੈ ਰਿਹਾ ਹੈ, ਜਿਨ੍ਹਾਂ ਦੇ ਮੁਕਾਬਲੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦਾ ਨੁਕਸਾਨ ਨਾਕਾਫੀ ਹੈ।