ਚਰਨਜੀਤ ਭੁੱਲਰ
ਚੰਡੀਗੜ੍ਹ, 3 ਮਾਰਚ
ਪੰਜਾਬ ਸਿਰ ਚੜ੍ਹ ਰਿਹਾ ਕਰਜ਼ਾ ਸੂਬੇ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਬਣਨ ਲੱਗਾ ਹੈ। ਸਰਕਾਰ ਦੀ ਕਮਾਈ ਦਾ ਵੱਡਾ ਹਿੱਸਾ ਤਾਂ ਕਰਜ਼ੇ ਦਾ ਵਿਆਜ ਉਤਾਰਨ ਵਿੱਚ ਚਲਾ ਜਾਂਦਾ ਹੈ ਜਦੋਂਕਿ ਸਰਕਾਰ ਕੋਲ ਵਿਕਾਸ ਕੰਮਾਂ ਲਈ ਸੀਮਤ ਪੈਸਾ ਬਚਦਾ ਹੈ। ਮੌਜੂਦਾ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਕਰੀਬ 50 ਕਰੋੜ ਰੁਪਏ ਰੋਜ਼ਾਨਾ ਕਰਜ਼ੇ ਦੇ ਵਿਆਜ ਉਤਾਰਨ ਵਿੱਚ ਚਲੇ ਜਾਂਦੇ ਹਨ। ਸਰਕਾਰ ਦੀ ਵਿਕਾਸ ਕੰਮਾਂ ਲਈ ਖੁੱਲ੍ਹੇ ਗੱਫੇ ਦੇਣ ਦੀ ਥਾਂ ਹੱਥ ਘੁੱਟ ਕੇ ਪੈਸਾ ਜਾਰੀ ਕਰਨਾ ਮਜਬੂਰੀ ਬਣ ਗਈ ਹੈ। ਪੰਜਾਬ ’ਚ ਹੁਣ ਸਬਸਿਡੀ ਦਾ ਬੋਝ ਵੀ ਵਧ ਗਿਆ ਹੈ। ਹਾਲਾਂਕਿ, ਮਾਲੀਏ ਵਿੱਚ ਵਾਧਾ ਹੋਇਆ ਹੈ ਪਰ ਚੁਣੌਤੀਆਂ ਅੱਗੇ ਮੌਜੂਦਾ ਕਮਾਈ ਨਿਗੂਣੀ ਜਾਪਦੀ ਹੈ।
ਸਰਕਾਰ ਵੱਲੋਂ ਕਮਾਈ ਦੇ ਨਵੇਂ ਵਸੀਲੇ ਪੈਦਾ ਕਰਨ ਲਈ ਪੈਂਤੜੇ ਲਾਏ ਜਾ ਰਹੇ ਹਨ ਪਰ ਕਰਜ਼ੇ ਦੀ ਰਫਤਾਰ ਨਵੀਆਂ ਵਿਉਂਤਾਂ ’ਤੇ ਪਾਣੀ ਫੇਰ ਰਹੀ ਹੈ।ਕਰਜ਼ੇ ਵਿੱਚ ਅਪਰੈਲ 2022 ਤੋਂ ਜਨਵਰੀ 2024 ਤੱਕ 59994.29 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੁੱਲ ਕਰਜ਼ੇ ’ਤੇ ਨਜ਼ਰ ਮਾਰੀਏ ਤਾਂ ਜਨਵਰੀ 2024 ਤੱਕ ਕੁੱਲ ਕਰਜ਼ਾ 3.33 ਲੱਖ ਕਰੋੜ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੀ ਤਾਜ਼ਾ ਰਿਪੋਰਟ ਅਨੁਸਾਰ ਇਹ ਜੀਐੱਸਡੀਪੀ ਅਨੁਪਾਤ ਦਾ 47.6 ਫੀਸਦੀ ਹੈ। ਵੇਰਵਿਆਂ ਅਨੁਸਾਰ 2021-22 ਵਿੱਚ ਕਰਜ਼ੇ ’ਤੇ ਵਿਆਜ ਵਜੋਂ 18909.39 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਜਦੋਂ ਕਿ 2023-24 ਵਿਚ ਵਿਆਜ ਦੀ ਰਾਸ਼ੀ 22 ਹਜ਼ਾਰ ਕਰੋੜ ਰੁਪਏ ਬਣਦੀ ਹੈ ਜਿਸ ’ਚੋਂ 15,702.68 ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਚਾਲੂ ਵਿੱਤੀ ਵਰ੍ਹੇ ਦੇ ਜਨਵਰੀ ਤੱਕ ਸਰਕਾਰ ਨੂੰ ਕੁੱਲ ਮਾਲੀਆ ਪ੍ਰਾਪਤੀਆਂ 69490.29 ਕਰੋੜ ਦੀਆਂ ਹੋਈਆਂ ਤੇ ਇਸ ਲਿਹਾਜ਼ ਨਾਲ ਕਮਾਈ ਦਾ ਕੁੱਲ 22.59 ਫੀਸਦੀ ਕਰਜ਼ੇ ਦੇ ਵਿਆਜ ਦੀ ਅਦਾਇਗੀ ’ਤੇ ਜਾ ਰਿਹਾ ਹੈ। ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਦਸ ਮਹੀਨਿਆਂ ’ਚ ਕੁੱਲ ਮਾਲੀਆ ਪ੍ਰਾਪਤੀਆਂ ਦਾ 57.6 ਫੀਸਦੀ ਹਿੱਸਾ ਤਾਂ ਤਨਖਾਹਾਂ ਅਤੇ ਪੈਨਸ਼ਨਾਂ ਦੇ ਭੁਗਤਾਨ ’ਤੇ ਖਰਚ ਹੋਇਆ ਹੈ। ਇਸ ਤਰ੍ਹਾਂ ਮਾਲੀਏ ਦਾ 25.14 ਫੀਸਦੀ ਬਿਜਲੀ ਸਬਸਿਡੀ ਦੇ ਭੁਗਤਾਨ ਵਿੱਚ ਗਿਆ ਹੈ ਜੋ ਕਿ 17471.90 ਕਰੋੜ ਰੁਪਏ ਬਣਦਾ ਹੈ। ਮਾਲੀਏ ’ਚੋਂ ਬਹੁਤ ਛੋਟਾ ਹਿੱਸਾ ਵਿਕਾਸ ਕੰਮਾਂ ’ਤੇ ਖਰਚੇ ਲਈ ਬੱਚਦਾ ਹੈ। ਸਰਕਾਰ ਦਾ ਚਲੰਤ ਮਾਲੀ ਵਰ੍ਹੇ ਦਾ ਪੂੰਜੀਗਤ ਖਰਚਾ 3393 ਕਰੋੜ ਰੁਪਏ ਰਿਹਾ ਹੈ।
ਮਾਲੀਏ ਦੀ ਵਸੂਲੀ ਵਿੱਚ ਹੋਇਆ ਵਾਧਾ
ਵਿੱਤ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਮਾਲੀਏ ਦੀ ਵਸੂਲੀ ਵਿੱਚ ਪਿਛਲੇ ਵਰ੍ਹੇ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ। ਵਿੱਤੀ ਤੰਗੀਆਂ ਦੇ ਬਾਵਜੂਦ ਅਹਿਮ ਵਿਕਾਸ ਕੰਮਾਂ ਲਈ ਫੰਡਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਚਾਲੂ ਮਾਲੀ ਵਰ੍ਹੇ ਵਿੱਚ ਪੂੰਜੀਗਤ ਖਰਚੇ ਦਾ ਟੀਚਾ 10,354 ਕਰੋੜ ਦਾ ਰੱਖਿਆ ਗਿਆ ਹੈ ਜਦੋਂ ਕਿ ਹਕੀਕਤ ਵਿੱਚ ਕਰੀਬ 32.76 ਫੀਸਦੀ ਹੀ ਖਰਚ ਹੋਇਆ ਹੈ। ਪੰਜਾਬ ਵਿਧਾਨ ਸਭਾ ਵਿੱਚ 5 ਮਾਰਚ ਨੂੰ ਨਵੇਂ ਬਜਟ ਪ੍ਰਸਤਾਵ ਐਲਾਨੇ ਜਾਣੇ ਹਨ।