ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੋਨੀਪਤ ਪ੍ਰਸ਼ਾਸਨ ਵੱਲੋਂ ਕਿਸਾਨ ਮੋਰਚਿਆਂ ਕਰਕੇ ਬੰਦ ਪਈ ਸੜਕਾਂ ਨੂੰ ਖੋਲ੍ਹਣ ਲਈ ਅੱਜ ਮੂਰਥਲ ਵਿੱਚ ਰੱਖੀ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਕਿਸਾਨ ਆਗੂਆਂ ਨੇ ਤਰਕ ਦਿੱਤਾ ਕਿ ਸੜਕਾਂ ਕਿਸਾਨਾਂ ਨੇ ਨਹੀਂ ਸਗੋਂ ਦਿੱਲੀ ਪੁਲੀਸ ਨੇ ਆਵਾਜਾਈ ਲਈ ਰੋਕੀਆਂ ਹੋਈਆਂ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਤਰਕ ਦਿੱਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਗ਼ਲਤ ਅਰਥਾਂ ਵਿੱਚ ਲਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਦੀ ਤਜਵੀਜ਼ਤ ਮੀਟਿੰਗ ਵਿੱਚ ਖਿੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 23 ਅਗਸਤ ਦੇ ਆਪਣੇ ਹੁਕਮਾਂ ਵਿੱਚ ਭਾਰਤ ਦੇ ਸੌਲੀਸਿਟਰ ਜਨਰਲ ਨੂੰ ਕਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਕੇਂਦਰ ਅਤੇ ਸਬੰਧਤ ਰਾਜ ਸਰਕਾਰਾਂ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕਰਨ ’ਤੇ ਅੜੀ ਹੋਈ ਹੈ ਤੇ ਇਸ ਸਾਲ 22 ਜਨਵਰੀ ਮਗਰੋਂ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ।
ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਦੀ ਹੈ ਕਿ ਇਸ ਮਸਲੇ ਦਾ ਹੱਲ ਕਿੱਥੇ ਹੈ, ਪਰ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਆਪਣੇ ਅੜੀਅਲ ਰਵੱਈਏ ਨੂੰ ਛੱਡਣ ਲਈ ਤਿਆਰ ਨਹੀਂ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਮੋਰਚੇ ਲਾ ਕੇ ਆਪ ਨਹੀਂ ਡਟੇ ਬਲਕਿ ਹਰਿਆਣਾ ਤੇ ਦਿੱਲੀ ਪੁਲੀਸ ਨੇ ਖੁ਼ਦ ਬੈਰੀਕੇਡਿੰਗ ਕਰਕੇ ਸੜਕਾਂ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਵਾਜਾਈ ਨੂੰ ਅੱਗੇ ਵਧਾਉਣ ਲਈ ਸਿੰਘੂ ਬਾਰਡਰ ਦੇ ਨਾਲ ਨਾਲ ਟਿੱਕਰੀ ਬਾਰਡਰ ਉੱਤੇ ਸੜਕ ਦੇ ਦੋਵੇਂ ਪਾਸੇ ਸਪਸ਼ਟ ਰਸਤੇ ਬਣਾਏ ਹਨ। ਇਹੀ ਨਹੀਂ ਕਿਸਾਨ ਗਾਜ਼ੀਪੁਰ ਬਾਰਡਰ ’ਤੇ ਸੜਕ ਦੇ ਸਿਰਫ ਇੱਕ ਪਾਸੇ ਧਰਨਾ ਲਾਈ ਬੈਠੇ ਹਨ। ਇਹੀ ਸਥਿਤੀ ਸ਼ਾਹਜਹਾਂਪੁਰ ਬਾਰਡਰ ਤੇ ਹੋਰ ਮੋਰਚਿਆਂ ਦੀ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਤੇ ਸਬੰਧਤ ਰਾਜ ਸਰਕਾਰਾਂ ਨੂੰ ਯਾਦ ਦਿਵਾਇਆ ਕਿ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਉਨ੍ਹਾਂ ਨੂੰ ਤਾਲਮੇਲ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਇਸ ਵਿੱਚ ਬੇਵਜ੍ਹਾ ਘਸੀਟਿਆ ਜਾ ਰਿਹਾ ਹੈ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਏਕਤਾ ਦਾ ਸਾਲ ਪੂਰਾ
ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਤੇ ਯੁਧਵੀਰ ਸਿੰਘ ਨੇ ਕਿਹਾ ਕਿ ਸਾਲ ਪਹਿਲਾਂ 19 ਸਤੰਬਰ 2020 ਨੂੰ ਪੰਜਾਬ ਦੇ ਮੋਗਾ ਵਿੱਚ ਮੌਜੂਦਾ ਇਤਿਹਾਸਕ ਕਿਸਾਨ ਸੰਘਰਸ਼ ਦੇ ਬੀਜ ਬੀਜੇ ਗਏ ਸਨ। ਇਸ ਦਿਨ ਵੱਖ-ਵੱਖ ਕਿਸਾਨ ਯੂਨੀਅਨਾਂ, ਜੋ ਮੋਦੀ ਸਰਕਾਰ ਵੱਲੋਂ ਜੂਨ 2020 ਵਿੱਚ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਢੰਗ ਨਾਲ ਲਿਆਂਦੇ ਗਏ ਕਿਸਾਨ ਵਿਰੋਧੀ, ਕਾਰਪੋਰੇਟ ਪੱਖੀ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਸਨ, ਨੇ ਹੱਥ ਮਿਲਾਉਂਦਿਆਂ ਸਮੂਹਿਕ ਸੰਘਰਸ਼ ਦਾ ਫੈਸਲਾ ਕੀਤਾ ਸੀ। ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਵੱਲੋਂ ਸ਼ੁਰੂ ਕੀਤੇ ਗਏ ਤਾਲਮੇਲ ਵਾਲੇ ਕਾਰਜ ਨੇ ਇੱਕ ਵੱਡੇ ਸਮੁੱਚੇ ਗੱਠਜੋੜ ਦੀ ਨੀਂਹ ਰੱਖੀ ਹੈ।