ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 23 ਜੂਨ
ਸਰਹਿੰਦ ਮੰਡੀ ਦੇ ਵਿਸ਼ਵਕਰਮਾ ਚੌਕ ’ਚ ਨਾਜਾਇਜ਼ ਤੌਰ ’ਤੇ ਲੱਗਦੀਆਂ ਰੇਹੜੀਆਂ ਇਲਾਕੇ ਦੇ ਲੋਕਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਇਨ੍ਹਾਂ ਬੇਤਰਤੀਬੇ ਖੜ੍ਹੇ ਵਾਹਨਾਂ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਸਮਾਜਸੇਵੀ ਅਤੇ ਇੰਡੀਆ ਅਗੇਂਸਟ ਕਰੱਪਸ਼ਨ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਓਂਕਾਰ ਸਿੰਘ ਸੋਹੀ ਅਤੇ ਸੰਦੀਪ ਸ਼ਰਮਾ ਨੇ ਇਸ ਸਮੱਸਿਆ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਸਰਹਿੰਦ ਮੰਡੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਵਿਸ਼ਵਕਰਮਾ ਚੌਕ ਦੇ ਆਲੇ-ਦੁਆਲੇ ਪਰਵਾਸੀਆਂ ਵੱਲੋਂ ਇੱਕ-ਦੋ ਰੇਹੜੀਆਂ ਲਗਾ ਕੇ ਹੀ ਫਲ-ਸਬਜ਼ੀਆਂ ਵੇਚਣ ਦਾ ਧੰਦਾ ਸ਼ੁਰੂ ਕੀਤਾ ਸੀ ਪਰ ਜਦੋਂ ਪ੍ਰਸ਼ਾਸਨ ਨੇ ਇਸ ਦਾ ਕੋਈ ਨੋਟਿਸ ਨਾ ਲਿਆ ਤਾਂ ਵੱਡੀ ਗਿਣਤੀ ਸਬਜ਼ੀ ਤੇ ਫਲ ਵਿਕਰੇਤਾ ਇੱਥੇ ਖੜ੍ਹੇ ਹੋਣ ਲੱਗੇ ਹਨ। ਨੇੜੇ ਕੋਈ ਪਾਰਿਕੰਗ ਨਾ ਹੋਣ ਕਾਰਨ ਗਾਹਕਾਂ ਦੇ ਵਾਹਨ ਇੱਥੇ ਮੁੱਖ ਸੜਕ ’ਤੇ ਬੇਤਰਤੀਬੇ ਢੰਗ ਨਾਲ ਖੜ੍ਹੇ ਕਰ ਦਿੱਤੇ ਜਾਂਦੇ ਹਨ ਜੋ ਹਾਦਸਿਆਂ ਨੂੰ ਸੱਦਾ ਦਿੰਦੇ ਹਨ| ਉਨ੍ਹਾਂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ।