ਸ਼ਗਨ ਕਟਾਰੀਆ
ਬਠਿੰਡਾ, 4 ਜਨਵਰੀ
ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ ਨਾਲ ਸਬੰਧਤ ਪੰਜਾਬ ਅਤੇ ਚੰਡੀਗੜ੍ਹ ਤੋਂ ਆਏ ਸੈਂਕੜੇ ਯੂਨੀਵਰਸਿਟੀ ਤੇ ਕਾਲਜ ਪ੍ਰੋਫ਼ੈਸਰਾਂ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿੱਚ ਰੋਸ ਮਾਰਚ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਰਾਜ ਦੀਆਂ ਉੱਚ ਸਿੱਖਿਆ ਅਦਾਰਿਆਂ ਦਾ ਯੂਜੀਸੀ ਨਾਲੋਂ ਨਾਤਾ ਤੋੜ ਕੇ ਇਨ੍ਹਾਂ ’ਤੇ ਖੁਦ ਕਾਬਜ਼ ਹੋਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਉੱਚ ਸਿੱਖਿਆ ਦੇ ਭਵਿੱਖ ਨੂੰ ਵਿਗਾੜ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਦੇ ਨਤੀਜੇ ਵਜੋਂ ਪਹਿਲਾਂ ਕੇਂਦਰ ਦੀਆਂ ਸੈਂਕੜੇ ਕਰੋੜਾਂ ਦੀਆਂ ਗਰਾਂਟਾਂ ਰੋਕੀਆਂ ਜਾਣਗੀਆਂ ਅਤੇ ਅੰਤ ਵਿੱਚ ਉੱਚ ਸਿੱਖਿਆ ਅੰਦਰ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਪਹਿਲ ਦਿੱਤੀ ਜਾਵੇਗੀ। ਵਿਖਾਵਾਕਾਰੀਆਂ ਨੇ ਕਿਹਾ ਕਿ ਤਾਜ਼ਾ ਫ਼ੈਸਲੇ ਤਹਿਤ ਪੰਜਾਬ ਸਰਕਾਰ ਸੂਬੇ ਦੇ 20 ਹਜ਼ਾਰ ਪ੍ਰੋਫ਼ੈਸਰਾਂ ਨੂੰ ਸੱਤਵੇਂ ਪੇਅ ਕਮਿਸ਼ਨ ਦੇ ਲਾਭਾਂ ਤੋਂ ਵੀ ਵਾਂਝੇ ਰੱਖ ਰਹੀ ਹੈ।
ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਸੂਬੇ ਦੇ ਵਿੱਤ ਮੰਤਰੀ ਹਨ ਤੇ ਉਚੇਰੀ ਸਿੱਖਿਆ ਨੂੰ ਪ੍ਰਾਈਵੇਟ ’ਵਰਸਿਟੀਆਂ ਦੇ ਹੱਥਾਂ ’ਚ ਸੌਂਪਣ ਪਿੱਛੇ ਉਨ੍ਹਾਂ ਦਾ ਹੱਥ ਹੈ। ਸੰਗਠਨ ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ, ਪ੍ਰੋ. ਸ਼ੋਏਬ ਜ਼ਫ਼ਰ, ਪ੍ਰੋ. ਬਹਾਦਰ ਸਿੰਘ ਤੇ ਪ੍ਰੋ. ਰਾਜਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਸਰਕਾਰ ਯੂਜੀਸੀ ਵਾਲਾ ਫੈਸਲਾ ਵਾਪਸ ਲੈਣ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਿਰੁੱਧ ਰਾਏ ਬਣਾਉਣ ਵਾਲਿਆਂ ਦੀ ਭੂਮਿਕਾ ਨਿਭਾਉਣਗੇ।