ਦੇਵਿੰਦਰ ਸਿੰਘ ਜੱਗੀ
ਪਾਇਲ, 10 ਜੁਲਾਈ
ਇੱਥੋਂ ਨੇੜਲੇ ਪਿੰਡ ਸਿਹੋੜਾ ਸਾਹਿਬ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਪੰਜ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਮਾਜਸੇਵੀ ਜਗਜੀਵਨ ਸਿੰਘ ਕਾਲਾ ਅਤੇ ਯੂਥ ਕਲੱਬ ਦੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸਿਹੋੜਾ ਸਾਹਿਬ ਦੇ ਮੋਹਣ ਸਿੰਘ ਮੋਹਣੀ, ਵਿਸਾਖਾ ਸਿੰਘ, ਨਛੱਤਰ ਸਿੰਘ, ਮਹੰਤ ਪਰਮਜੀਤ ਸਿੰਘ ਪੰਮਾ ਦੇ ਘਰਾਂ ਦੀ ਛੱਤਾਂ ਅਤੇ ਚੰਡੀਗੜ੍ਹ ਨਗਰ ਦੇ ਲਾਡੀ ਸਿੰਘ ਦੇ ਪਸ਼ੂਆਂ ਵਾਲੇ ਕਮਰੇ ਦੀ ਛੱਤ ਡਿੱਗ ਗਈ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਹੈ ਕਿ ਜਨਿ੍ਹਾਂ ਪਰਿਵਾਰਾਂ ਦੀਆਂ ਘਰਾਂ ਦੀਆਂ ਛੱਤਾਂ ਖਸਤਾ ਹਾਲਤ ਵਿੱਚ ਹਨ, ਉਹ ਸਮਾਜਸੇਵੀ ਸੰਸਥਾਵਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਪਾਇਲ ਦੇ ਐੱਸਡੀਐੱਮ ਅਤੇ ਮਲੌਦ ਦੇ ਬੀਡੀਪੀਓ ਨਾਲ ਮੁਲਾਕਾਤ ਕੀਤੀ ਜਾਵੇਗੀ।
ਦੋ ਘਰਾਂ ਦੀਆਂ ਛੱਤਾਂ ਡਿੱਗੀਆਂ, ਔਰਤ ਜ਼ਖ਼ਮੀ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਵਾਰਡ ਨੰਬਰ-8 ਵਿੱਚ ਅੱਜ ਦੋ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਇਕ ਔਰਤ ਜ਼ਖਮੀ ਹੋ ਗਈ। ਪੀੜਤ ਗੁਰਚਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਬਾਲਿਆਂ ਵਾਲੀ ਛੱਤ ਭਾਰੀ ਮੀਂਹ ਕਾਰਨ ਡਿੱਗ ਗਈ। ਛੱਤ ਦੇ ਮਲਬੇ ਹੇਠ ਦੱਬੇ ਜਾਣ ਕਾਰਨ ਸੀਮਾ ਰਾਣੀ ਦੇ ਸੱਟਾਂ ਲੱਗੀਆਂ ਹਨ। ਇਸੇ ਤਰ੍ਹਾਂ ਦੇ ਇਕ ਹੋਰ ਹਾਦਸੇ ਵਿਚ ਪੀੜਤ ਜਸਵੰਤ ਕੌਰ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਪਿਆ ਸਾਮਾਨ ਨੁਕਸਾਨਿਆ ਗਿਆ।