ਬਹਾਦਰਜੀਤ ਸਿੰਘ
ਰੂਪਨਗਰ, 14 ਫਰਵਰੀ
ਅੱਜ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਦੌਰਾਨ ਵਾਰਡ ਨੰਬਰ ਇੱਕ (ਸ਼ਦਾਬਰਤ) ਵਿੱਚ ਕਾਂਗਰਸ ਅਤੇ ਅਕਾਲੀ ਸਮਰਥਕਾਂ ਦਰਮਿਆਨ ਹੋਏ ਝਗੜੇ ਵਿੱਚ 9 ਵਿਅਕਤੀ ਜ਼ਖ਼ਮੀ ਹੋ ਗਏ। ਇੱਕ ਜ਼ਖ਼ਮੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਝਗੜੇ ਦੌਰਾਨ ਕਿਰਪਾਨਾਂ ਚੱਲੀਆਂ ਅਤੇ ਪਥਰਾਅ ਵੀ ਹੋਇਆ। ਇਸ ਵਾਰਡ ਤੋਂ ਕਾਂਗਰਸ ਦੀ ਬੀਨਾ ਦੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨੀਲਮ ਉਮੀਦਵਾਰ ਹਨ। ਅੱਜ ਬਾਅਦ ਦੁਪਹਿਰ ਹੋਈ ਲੜਾਈ ਬਾਰੇ ਜ਼ਖ਼ਮੀ ਅਕਾਲੀ ਸਮਰਥਕਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੱਲੋਂ ਵਾਰਡ ਨੰਬਰ ਇੱਕ ਦੇ ਬੂਥ ਦਾ ਦੌਰਾ ਕਰਨ ਤੋਂ ਕੁੱਝ ਸਮਾਂ ਬਾਅਦ ਹੀ ਕਾਂਗਰਸੀ ਸਮਰਥਕਾਂ ਨੇ ਉਨ੍ਹਾਂ ’ਤੇ ਕਿਰਪਾਨਾ ਨਾਲ ਹਮਲਾ ਕਰ ਦਿੱਤਾ, ਜਦੋਂ ਕਿ ਦੂਜੇ ਪਾਸੇ ਪੀਜੀਆਈ ਰੈਫਰ ਕੀਤੇ ਗਏ ਕਾਂਗਰਸੀ ਸਮਰਥਕ ਪਰਵੀਨ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਵਰਕਰ ਲੋਕਾਂ ਨੂੰ ਪੈਸੇ ਵੰਡ ਰਹੇ ਸਨ, ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਅਕਾਲੀ ਸਮਰਥਕਾਂ ਨੇ ਕਾਂਗਰਸੀ ਸਮਰਥਕਾਂ ਤੇ ਕਿਰਪਾਨਾ ਨਾਲ ਹਮਲਾ ਕਰ ਦਿੱਤਾ। ਦੋਹਾਂ ਧਿਰਾਂ ਦਰਮਿਆਨ ਪਥਰਾਅ ਹੋਇਆ ਅਤੇ ਸਥਿਤੀ ’ਤੇ ਕਾਬੂ ਪਾਉਣ ਲਈ ਪੁੱਜੀ ਪੁਲੀਸ ਉੱਤੇ ਵੀ ਪਥਰਾਅ ਕੀਤਾ ਗਿਆ। ਜ਼ਖ਼ਮੀ ਵਿਅਕਤੀਆਂ ਦਾ ਸਿਵਲ ਹਸਪਤਾਲ ਰੂਪਨਗਰ ਵਿਖੇ ਇਲਾਜ ਕੀਤਾ ਗਿਆ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਬੁਖਲਾਹਟ ਵਿੱਚ ਆ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਅਕਾਲੀ ਸਮਰਥਕਾਂ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਾਫਲੇ ਸਮੇਤ ਪੋਲਿੰਗ ਬੂਥਾਂ ’ਤੇ ਜਾ ਕੇ ਭੜਕਾਹਟ ਪੈਦਾ ਕੀਤੀ। ਦੂਜੇ ਪਾਸੇ ਬਰਿੰਦਰ ਸਿੰਘ ਢਿੱਲੋਂ ਨੇ ਉਲਟਾ ਅਕਾਲੀ ਵਰਕਰਾਂ ’ਤੇ ਗੁੰਡਾਗਰਦੀ ਦਾ ਦੋਸ਼ ਲਾਇਆਂ। ਉਨ੍ਹਾਂ ਕਿਹਾ ਕਿ ਡਾ. ਦਲਜੀਤ ਸਿੰਘ ਚੀਮਾ ਅਕਾਲੀ ਦਲ ਦੀ ਸੰਭਾਵੀ ਹਾਰ ਲਈ ਬਹਾਨਾ ਲੱਭ ਰਹੇ ਹਨ।