ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 31 ਦਸੰਬਰ
ਸਾਹਿਤ ਸਭਾ ਦੀ ਇਕੱਤਰਤਾ ਬਾਬਾ ਫੂੰਦਾ ਸਿੰਘ ਯਾਦਗਾਰੀ ਲਾਇਬ੍ਰੇਰੀ ਸੰਧੂਆਂ ਵਿੱਚ ਪ੍ਰਧਾਨ ਗਜ਼ਲਗੋ ਸੁਰਜੀਤ ਮੰਡ ਦੀ ਪ੍ਰਧਾਨਗੀ ਹੇਠ ਹੋਈ। ਉੱਘੇ ਗੀਤਕਾਰ ਅਤੇ ਸਭਾ ਦੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੀ ਨੇ ਦੱਸਿਆ ਕਿ ਸਾਹਿਤ ਅਕਾਦਮੀ ਵੱਲੋਂ ਆਰੰਭੇ ਸੱਤ ਦਿਨ, ਸੱਤ ਸਾਹਿਤਕਾਰ, ਸੱਤ ਥਾਵਾਂ ਦੇ ਨਾਂ ਹੇਠ ਦਿੱਤੇ ਪ੍ਰੋਗਰਾਮ ਤਹਿਤ ਇਹ ਇਕੱਤਰਤਾ ਕੀਤੀ ਗਈ ਹੈ, ਜਿਸ ਵਿੱਚ ਪੰਜਾਬੀ ਸ਼ਾਇਰ ਜਗਦੀਪ ਸਿੱਧੂ ਅਤੇ ਮੈਗਜ਼ੀਨ ‘ਸੁਰ ਸਾਂਝ’ ਦੇ ਸੰਪਾਦਕ ਸੁਰਜੀਤ ਸੁਮਨ ਨੇ ਵੀ ਸ਼ਿਰਕਤ ਕੀਤੀ। ਗੀਤਕਾਰ ਗੁਰਵਿੰਦਰ ਮਾਵੀ ਨੇ ਸਿੱਖ ਸ਼ਹਾਦਤੀ ਪੰਦਰਵਾੜੇ ਨਾਲ ਗੀਤ ਸੁਣਾ ਕੇ ਸ਼ੁਰੂਆਤ ਕੀਤੀ। ਧਰਮਿੰਦਰ ਭੰਗੂ ਤੇ ਸ਼ਾਇਰ ਜਗਦੀਪ ਸਿੱਧੂ ਨੇ ਰਚਨਾਵਾਂ ਰਾਹੀਂ ਮਹਿਫਲ ਵਿੱਚ ਰੰਗ ਭਰਿਆ। ਉਨ੍ਹਾਂ ਤੋਂ ਇਲਾਵਾ ਡਾ. ਜਲੌਰ ਸਿੰਘ ਖੀਵਾ, ਉੱਘੇ ਸਾਹਿਤਕਾਰ ਅਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ, ਸੁਰਜੀਤ ਮੰਡ, ਸੁਰਜੀਤ ਸੁਮਨ ਰਚਨਾਵਾਂ ਪੇਸ਼ ਕੀਤੀਆਂ। ਕਹਾਣੀਕਾਰ ਗੁਰਮੀਤ ਸਿੰਘ ਨੇ ਆਪਣੀ ਕਹਾਣੀ ਰਚਨਾ ਬਾਰੇ ਗੱਲਬਾਤ ਕੀਤੀ। ਸਮੂਹ ਸਾਹਿਤਕਾਰਾਂ ਵੱਲੋਂ ਇਸ ਸਾਲ ਦਾ ਸਾਹਿਤ ਅਕਾਦਮੀ ਕੌਮੀ ਪੁਰਸਕਾਰ ਪੰਜਾਬੀ ਸਾਹਿਤਕਾਰ ਖਾਲਿਦ ਹੂਸੈਨ ਨੂੰ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।