ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 22 ਸਤੰਬਰ
ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਵੱਲੋਂ ਨਵੇਂ ਜਾਰੀ ਫਰਮਾਨ ਅਨੁਸਾਰ ਹੁਣ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਖਣਿਜ ਪਦਾਰਥਾਂ ’ਤੇ ਸੱਤ ਰੁਪਏ ਪ੍ਰਤੀ ਫੁੱਟ ਰਾਇਲਟੀ/ਜੁਰਮਾਨਾ ਵਸੂਲਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਿਰਦੇਸ਼ਾਂ ’ਤੇ ਅਮਲ ਕਰਦਿਆਂ ਨਾਕਾਬੰਦੀ ਕਰ ਵਸੂਲੀ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਚ ਮਾਈਨਿੰਗ ਘੱਟ ਹੋਣ ਕਾਰਨ ਇੱਥੋਂ ਦੇ ਕਰੈਸ਼ਰ 70 ਫ਼ੀਸਦੀ ਤੋਂ ਵੱਧ ਬੰਦ ਪਏ ਹਨ, ਜਿਸ ਕਾਰਨ ਖਣਿਜ ਪਦਾਰਥਾਂ ਦੀ ਪੂਰਤੀ ਲਈ ਟਿੱਪਰ ਤੇ ਟਰੱਕ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਰੇਤਾ ਤੇ ਬਜਰੀ ਲਿਆ ਕੇ ਸਪਲਾਈ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ ਵੱਲੋਂ ਖਣਿਜ ਪਦਾਰਥਾਂ ਦੇ ਭਾਅ ਵਿਚ ਪਹਿਲਾਂ ਹੀ ਵਾਧਾ ਕੀਤਾ ਹੋਇਆ ਸੀ ਪਰ ਹੁਣ ‘ਆਪ’ ਸਰਕਾਰ ਵਲੋਂ 7 ਰੁਪਏ ਪ੍ਰਤੀ ਫੁੱਟ ਰੇਤਾ, ਬਜਰੀ ਲੈ ਕੇ ਆਉਣ ਵਾਲੇ ਟਰੱਕਾਂ ਤੋਂ ਰਾਇਲਟੀ/ਜੁਰਮਾਨਾ ਵਸੂਲਣ ਦੇ ਉਦੇਸ਼ ਨਾਲ ਰੇਤ ਤੇ ਬਜਰੀ ਦੇ ਭਾਅ ਵਿਚ ਬੇਤਹਾਸ਼ਾ ਵਾਧਾ ਹੋਵੇਗਾ। ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਵੱਲੋਂ 24-8-2022 ਨੂੰ ਜਾਰੀ ਨੋਟੀਫਿਕੇਸ਼ਨ ਅਤੇ ਪੰਜਾਬ ਸਟੇਟ ਮਾਈਨਿੰਗ ਪਾਲਸੀ-2022 ਤਹਿਤ ਹੁਣ ਜੇਕਰ ਕੋਈ ਵੀ ਵਾਹਨ ਹਿਮਾਚਲ ਪ੍ਰਦੇਸ਼ ਤੋਂ ਖਣਿਜ ਪਦਾਰਥ ਲੈ ਕੇ ਆਵੇਗਾ ਤਾਂ ਉਸ ਨੂੰ ਆਪਣੇ ਦਸਤਾਵੇਜ਼ ਦਿਖਾਉਣੇ ਪੈਣਗੇ ਅਤੇ ਜੇਕਰ ਉਸ ਟਰੱਕ ਵਿਚ ਭਰੇ ਖਣਿਜ ਪਦਾਰਥ ਹਿਮਾਚਲ ਪ੍ਰਦੇਸ਼ ਵਲੋਂ ਜਾਰੀ ਕੀਤੇ ਗਏ ਮਾਈਨਿੰਗ ਫਾਰਮ ਤੋਂ ਵੱਧ ਮਾਤਰਾ ਵਿੱਚ ਪਾਏ ਗਏ ਤਾਂ ਪੰਜਾਬ ਦਾ ਮਾਈਨਿੰਗ ਵਿਭਾਗ ਉਸ ਕੋਲੋਂ 7 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰਾਇਲਟੀ/ਜੁਰਮਾਨਾ ਵਸੂਲ ਕਰੇਗਾ।