ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਅਪਰੈਲ
ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਲਕੇ ’ਚ ਪਿੰਡਾਂ ਦੇ ਵਿਕਾਸ ਲਈ 102 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਦੀ ਕਾਇਆ ਕਲਪ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਵਿੰਦਰ ਬਿੱਟੀ ਨੇ ਕਿਹਾ ਕਿ ਹਲਕਾ ਸਾਹਨੇਵਾਲ ਦੇ ਜਮਾਲਪੁਰ ਨੇੜੇ 33 ਫੁੱਟੇ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਸਨ, ਜਿਸ ਦੇ ਨਿਰਮਾਣ ਲਈ 2 ਕਰੋੜ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰੋਡ ਪ੍ਰਮੁੱਖ ਮਾਰਗ ਹੈ, ਜੋ ਹਲਕਾ ਸਾਹਨੇਵਾਲ ਦੀਆਂ ਕਾਫ਼ੀ ਕਲੋਨੀਆਂ ਨੂੰ ਆਪਸ ਵਿਚ ਜੋੜਦਾ ਹੈ ਅਤੇ ਲੋਕਾਂ ਵਲੋਂ ਇਸ ਦਾ ਨਿਰਮਾਣ ਸ਼ੁਰੂ ਹੋਣ ਨਾਲ ਬੇਹੱਦ ਖੁਸ਼ੀ ਮਨਾਈ ਗਈ।
ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਵਿਚ ਕਈ ਅਜਿਹੀਆਂ ਸੜਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ, ਜਿਸ ਦੀ ਪਿਛਲੇ 30 ਸਾਲਾਂ ਤੋਂ ਕਿਸੇ ਨੇ ਸਾਰ ਨਾ ਲਈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਦਰਦ ਨੂੰ ਸਮਝਦਿਆਂ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਗ੍ਰਾਂਟ ਭੇਜ ਕੇ ਲੋਕਾਂ ਦੀ ਮੰਗ ਪੂਰੀ ਕੀਤੀ ਹੈ।
ਇਸ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਹਲਕਾ ਸਾਹਨੇਵਾਲ ਦੇ ਸਾਰੇ ਪਿੰਡਾਂ ’ਚ ਵਿਕਾਸ ਕਾਰਜ ਪੂਰੇ ਜ਼ੋਰਾਂ ’ਤੇ ਚੱਲ ਰਹੇ ਹਨ ਅਤੇ ਲੋਕ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਬੇਹੱਦ ਖੁਸ਼ ਹਨ, ਜਿਸ ਕਾਰਨ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਮੁੜ ਬਣੇਗੀ।