ਸ਼ਸ਼ੀ ਪਾਲ ਜੈਨ
ਖਰੜ, 19 ਜੁਲਾਈ
ਘੜੂੰਆਂ ਵਿੱਚ ਲੱਗੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ’ਚੋਂ ਬੀਤੀ ਰਾਤ ਕੁਝ ਚੋਰਾਂ ਵੱਲੋਂ 8.48 ਲੱਖ ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਪਹਿਲਾਂ ਗੈਸ ਕਟਰ ਨਾਲ ਏਟੀਐੱਮ ਨੂੰ ਕੱਟਿਆ ਗਿਆ ਅਤੇ ਬਾਅਦ ’ਚ ਕਮਰੇ ਵਿੱਚ ਲੱਗੇ ਕੈਮਰੇ ਸਾੜ ਦਿੱਤੇ ਗਏ। ਘੜੂੰਆਂ ਪੁਲੀਸ ਦੇ ਐੱਸਐੱਚਓ ਕੈਲਾਸ਼ ਬਹਾਦਰ ਨੇ ਦੱਸਿਆ ਕਿ ਉਨ੍ਹਾਂ ਨੂੰ 100 ਨੰਬਰ ਤੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਘੜੂੰਆਂ ਵਿੱਚ ਲੱਗੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਨੂੰ ਤੋੜ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਪੁਲੀਸ ਨੇ ਵਾਰਦਾਤ ਵਾਲੀ ਜਗ੍ਹਾ ਦੇ ਸਾਹਮਣੇ ਪੈਂਦੇ ਇੱਕ ਘਰ ਵਿੱਚੋਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਪ੍ਰਾਪਤ ਕੀਤੀ ਹੈ ਜਿਸ ਵਿੱਚ 2 ਵਿਅਕਤੀ ਇੱਕ ਕਾਰ ਵਿੱਚ ਜਾਂਦੇ ਦਿਖਾਏ ਦਿੱਤੇ ਹਨ। ਉਸ ਦੇ ਆਧਾਰ ’ਤੇ ਹੀ ਪੁਲੀਸ ਵੱਲੋਂ ਫਿਲਹਾਲ ਕਾਰਵਾਈ ਸ਼ਰੂ ਕਰ ਦਿੱਤੀ ਗਈ ਹੈ।
ਮੁਹਾਲੀ ’ਚ ਬੈਂਕਾਂ ਦੀ ਸੁਰੱਖਿਆ ’ਤੇ ਸੁਆਲ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੁਰੱਖਿਆ ਪੱਖੋਂ ਵੱਖ-ਵੱਖ ਬੈਂਕਾਂ ਦਾ ਕੰਮ ਰੱਬ ਭਰੋਸੇ ਚਲ ਰਿਹਾ ਹੈ। ਜ਼ਿਆਦਾਤਰ ਬੈਂਕਾਂ ਅਤੇ ਏਟੀਐਮਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਨਹੀਂ ਹਨ। ਦੇਖਣ ਵਿੱਚ ਆਇਆ ਕਿ ਲੁਟੇਰੇ ਜ਼ਿਆਦਾਤਰ ਪੰਜਾਬ ਨੈਸ਼ਨਲ ਬੈਂਕ ਨੂੰ ਨਿਸ਼ਾਨਾ ਬਣਾ ਰਹੇ ਹਨ। ਇੱਥੋਂ ਦੇ ਫੇਜ਼-3ਏ ਵਿੱਚ 17 ਜੂਨ ਨੂੰ ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਵਾਪਰੀ ਸੀ। ਸੁਰੱਖਿਆ ਗਾਰਡ ਤਾਇਨਾਤ ਨਾ ਹੋਣ ਕਾਰਨ ਲੁਟੇਰੇ ਨਕਲੀ ਏਅਰ ਪਿਸਤੌਲ ਤੇ ਚਾਕੂ ਦਿਖਾ ਕੇ ਮਹਿਲਾ ਸਟਾਫ਼ ਤੋਂ 4 ਲੱਖ 79 ਹਜ਼ਾਰ 680 ਰੁਪਏ ਲੁੱਟ ਕੇ ਲੈ ਗਏ ਸੀ। ਪੁਲੀਸ ਨੇ ਇਕ ਮਹੀਨੇ ਬਾਅਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਦੀ ਰਾਸ਼ੀ ’ਚੋਂ 3,01,500 ਰੁਪਏ ਬਰਾਮਦ ਕੀਤੇ ਗਏ ਸਨ। ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਨਕਲੀ ਏਅਰ ਪਿਸਤੌਲ ਅਤੇ ਚਾਕੂ ਸਮੇਤ ਚੰਡੀਗੜ੍ਹ ਨੰਬਰ ਦੀ ਸਕੋਡਾ ਕਾਰ ਵੀ ਜ਼ਬਤ ਕੀਤੀ ਗਈ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 27 ਅਪਰਾਧਿਕ ਮਾਮਲੇ ਦਰਜ ਹਨ।