ਨਿੱਜੀ ਪੱਤਰ ਪ੍ਰੇਰਕ
ਨਾਭਾ, 18 ਜੂਨ
ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਹੋਈ ਹਿੰਸਾ ਦੇ ਮਾਮਲੇ ਵਿੱਚ ਆਰਐੱਸਐੱਸ ਵੱਲੋਂ ਵਿਚਾਰਧਾਰਕ ਸਾਂਝ ਰੱਖਣ ਵਾਲੇ ਲੋਕਾਂ ਤੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਪਿੱਛੋਂ ਹੋਈ ਹਿੰਸਾ ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਕਾਨੂੰਨੀ ਮਦਦ ਕਰਨ ਦੇ ਮਕਸਦ ਨਾਲ ਇਹ ਫੰਡ ਇਕੱਤਰ ਕੀਤਾ ਜਾ ਰਿਹਾ ਹੈ। ਪਟਿਆਲਾ, ਸੰਗਰੂਰ, ਬਰਨਾਲਾ ਸਮੇਤ ਤਿੰਨ ਜ਼ਿਲ੍ਹਿਆਂ ਦੀ ਇਕਾਈ ਅਤੇ ਪਟਿਆਲਾ ਵਿਭਾਗ ਦੇ ਇੱਕ ਅਹੁਦੇਦਾਰ ਗਿਰਧਾਰੀ ਲਾਲ ਨੇ ਦੱਸਿਆ ਕਿ ਉਹ ਪਟਿਆਲਾ ਵਿੱਚੋਂ ਦਸ ਲੱਖ ਦੇ ਯੋਗਦਾਨ ਦਾ ਟੀਚਾ ਲੈ ਕੇ ਚੱਲ ਰਹੇ ਹਨ ਅਤੇ ਹੁਣ ਤੱਕ ਚਾਰ ਲੱਖ ਰੁਪਏ ਜਮ੍ਹਾਂ ਹੋ ਚੁੱਕੇ ਹਨ। ਭਾਵੇਂ ਨਾਭਾ ਦੇ ਇੱਕ ਭਾਜਪਾ ਆਗੂ ਅਨੁਸਾਰ ਪੰਜਾਬ ਦਾ ਮਾਹੌਲ ਦੇਖਦਿਆਂ ਇਹ ਮੁਹਿੰਮ ਖੁੱਲ੍ਹ ਕੇ ਨਹੀਂ ਚਲਾਈ ਜਾ ਰਹੀ, ਜਿਸ ਕਾਰਨ ਟੀਚਾ ਵੀ ਛੋਟਾ ਰੱਖਿਆ ਗਿਆ ਹੈ।