ਬਠਿੰਡਾ: ਪੰਜਾਬ ਵਿਜੀਲੈਂਸ ਬਿਊਰੋ ਨੇ ਆਰਟੀਏ ਬਠਿੰਡਾ ਦੇ ਦਫ਼ਤਰ ਵਿਚ ਤਾਇਨਾਤ ਡੇਟਾ ਐਂਟਰੀ ਅਪਰੇਟਰ ਭਲਵਾਨ ਸਿੰਘ ਨੂੰ 7500 ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਭਲਵਾਨ ਸਿੰਘ ਨੂੰ ਮਾਨਸਾ ਵਾਸੀ ਮਿਨੀ ਬੱਸਾਂ ਦੇ ਮਾਲਕ ਰਘਬੀਰ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਉਸ ਦੀ ਬੱਸ ਦੇ ਪਰਮਿਟ ਦੀ ਕਾਪੀ ਦੇਣ ਬਦਲੇ 7500 ਰੁਪਏ ਮੰਗ ਰਿਹਾ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਭਲਵਾਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 7500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। -ਨਿੱਜੀ ਪੱਤਰ ਪ੍ਰੇਰਕ