ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਜੂਨ
ਇੱਥੇ ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਅਫ਼ਵਾਹ ਕਾਰਨ ਇਸ ਉਡਾਣ ਦੀ ਵਾਪਸੀ ਪੱਛੜ ਗਈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣ ਸਾਢੇ ਛੇ ਵਜੇ ਪੁੱਜੀ ਅਤੇ ਇਸ ਨੇ 7.40 ਵਜੇ ਸਿੰਗਾਪੁਰ ਲਈ ਵਾਪਸੀ ਕਰਨੀ ਸੀ। ਇਸ ਉਡਾਣ ਦੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਤੋਂ ਪਹਿਲਾਂ ਹੀ ਹਵਾਈ ਅੱਡੇ ਦੇ ਪ੍ਰਬੰਧਕਾਂ ਨੂੰ ਫੋਨ ਆਇਆ ਜਿਸ ਵਿੱਚ ਇਸ ਹਵਾਈ ਉਡਾਣ ਵਿਚ ਬੰਬ ਹੋਣ ਦੀ ਗੱਲ ਆਖੀ ਗਈ ਜਿਵੇਂ ਹੀ ਇਹ ਉਡਾਣ ਇੱਥੇ ਹਵਾਈ ਅੱਡੇ ’ਤੇ ਉਤਰੀ ਤਾਂ ਪ੍ਰਬੰਧਕਾਂ ਨੇ ਤੁਰੰਤ ਯਾਤਰੀਆਂ ਨੂੰ ਹਵਾਈ ਜਹਾਜ਼ ਵਿਚੋਂ ਉਤਾਰਿਆ ਅਤੇ ਇਸ ਹਵਾਈ ਜਹਾਜ਼ ਨੂੰ ਹਵਾਈ ਅੱਡੇ ਵਿੱਚ ਵੱਖ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਉਡਾਣ ਦੀ ਸੀਆਈਐਸਐਫ ਅਤੇ ਹੋਰ ਏਜੰਸੀਆਂ ਵੱਲੋਂ ਜਾਂਚ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਹਵਾਈ ਅੱਡੇ ’ਤੇ ਪ੍ਰਬੰਧਕਾਂ ਅਤੇ ਹੋਰ ਏਜੰਸੀਆਂ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਵੀ ਹੋਈ। ਇਸ ਏਅਰਲਾਈਨਜ਼ ਦੀ ਉਡਾਣ ਵਾਪਸੀ ਲਈ ਪਛੜ ਗਈ। ਅਧਿਕਾਰੀਆਂ ਅਨੁਸਾਰ ਹਵਾਈ ਉਡਾਣ ਨੂੰ ਅੱਜ ਹੀ ਸਿੰਗਾਪੁਰ ਲਈ ਰਵਾਨਾ ਕਰ ਦਿੱਤਾ ਜਾਵੇਗਾ। ਇਸ ਦੀ ਪੁਸ਼ਟੀ ਕਰਦਿਆਂ ਹਵਾਈ ਅੱਡਾ ਡਾਇਰੈਕਟਰ ਵੀ ਕੇ ਸੇਠ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਇਸ ਹਵਾਈ ਜਹਾਜ਼ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ ਫ਼ਿਲਹਾਲ ਹਵਾਈ ਜਹਾਜ਼ ਵਿੱਚੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਹਵਾਈ ਉਡਾਣ ਆਪਣੇ ਵਾਪਸੀ ਸਫ਼ਰ ਲਈ ਰਵਾਨਾ ਹੋਵੇਗੀ।