ਜਗਮੋਹਨ ਸਿੰਘ
ਰੂਪਨਗਰ, 9 ਜੁਲਾਈ
ਪਿਛਲੇ ਦਿਨ ਤੋਂ ਲਗਾਤਾਰ ਪੈ ਰਹੀ ਮੂਸਲੇਧਾਰ ਬਰਸਾਤ ਕਾਰਨ ਰੂਪਨਗਰ ਜ਼ਿਲ੍ਹੇ ਅੰਦਰ ਬਰਸਾਤੀ ਪਾਣੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਸਿੰਘ ਪਿੰਡ ਦੇ ਸਰਪੰਚ ਮੇਹਰ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਪਰਮਿੰਦਰ ਕੌਰ ਦੇ ਦੱਸਣ ਮੁਤਾਬਕ ਲਗਪਗ 250 ਘਰਾਂ ਦੀ ਆਬਾਦੀ ਵਾਲੇ ਸਿੰਘ ਪਿੰਡ ਦੇ 100 ਤੋਂ ਵਧੇਰੇ ਘਰ ਪਾਣੀ ਵਿੱਚ ਡੁੱਬ ਚੁੱਕੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ੈਮਰਾਕ ਸਕੂਲ ਵਾਲੇ ਪਾਸਿਉਂ ਆ ਰਹੇ ਬਰਸਾਤੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਪਰ ਕੌਮੀ ਮਾਰਗ ਦੇ ਹੇਠਾਂ ਬਣੀਆਂ ਤਿੰਨੋਂ ਨਿਕਾਸੀ ਪੁਲੀਆਂ ਹੜ੍ਹ ਦੇ ਪਾਣੀ ਨੂੰ ਝੱਲਣ ਤੋਂ ਅਸਮਰੱਥ ਹਨ। ਮੌਜੂਦਾ ਹਾਲਾਤ ਇਹ ਬਣ ਚੁੱਕੇ ਹਨ ਕਿ ਬਰਸਾਤੀ ਪਾਣੀ ਕਈ ਫੁੱਟ ਉੱਚੇ ਕੌਮੀ ਮਾਰਗ ਦੇ ਉੱਪਰੋਂ ਘੁੰਮਣ ਲੱਗ ਪਿਆ ਹੈ। ਸਰਪੰਚ ਮੇਹਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਿਆ ਹੈ।