ਰਵੇਲ ਸਿੰਘ ਭਿੰਡਰ
ਪਟਿਆਲਾ, 18 ਜੂਨ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਇੱਥੇ ਜ਼ਿਲਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਹਰਿੰਦਰ ਕੋਹਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਵੱਖ-ਵੱਖ ਮੰਗਾਂ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ।
ਮੰਗ ਪੱਤਰ ਵਿੱਚ ਕੈਪਟਨ ਸਰਕਾਰ ਨੂੰ ਵੱਖ ਵੱਖ ਘੁਟਾਲਿਆਂ ਜਿਵੇਂ ਕਿ ਸ਼ਰਾਬ, ਬੀਜ ਤੇ ਰਾਸ਼ਨ ਵਿਚ ਘੇਰਦਿਆਂ ਅਪੀਲ ਕੀਤੀ ਗਈ ਕਿ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਕੀਤਾ ਜਾਵੇ। ਧਰਨੇ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਭਾਵੇਂ ਇਸ ਰੋਸ ਪ੍ਰੋਗਰਾਮ ਲਈ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨੂੰ ਹੀ ਸੱਦਿਆ ਗਿਆ ਸੀ, ਪ੍ਰੰਤੂ ਇਸ ਦੇ ਬਾਵਜੂਦ ਵੱਡੀ ਗਿਣਤੀ ਅਕਾਲੀ ਤੇ ਭਾਜਪਾਈਆਂ ਨੇ ਸ਼ਿਰਕਤ ਕੀਤੀ। ਧਰਨੇ ਦੌਰਾਨ ਕੈਪਟਨ ਸਰਕਾਰ ਨੂੰ ਲੋਕ ਵਿਰੋਧੀ ਸਰਕਾਰ ਗਰਦਾਨਿਆ ਗਿਆ। ਧਰਨੇ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਲੌਕਡਾਊਨ ਦੀ ਮਾਰ ਵਿੱਚ ਆਏ ਸੂਬੇ ਦੇ ਗਰੀਬ ਤੇ ਮਜ਼ਦੂਰਾਂ ਦੇ ਚਾਰ ਮਹੀਨਿਆਂ ਦੇ ਬਿਜਲੀ, ਪਾਣੀ ਤੇ ਸੀਵਰੇਜ ਦੇ ਬਿੱਲਾਂ ਨੂੰ ਸਰਕਾਰ ਸੂਬਾਈ ਆਫ਼ਤ ਫੰਡ ’ਚੋਂ ਅਦਾ ਕਰੇ ਤਾਂ ਜੋ ਤ੍ਰਾਸਦੀ ਵਿੱਚ ਘਿਰੇ ਲੋਕਾਂ ਨੂੰ ਵਿੱਤੀ ਪੱਖੋਂ ਰਾਹਤ ਮਿਲ ਸਕੇ। ਆਗੂਆਂ ਨੇ ਸਰਕਾਰੀ ਖ਼ਜ਼ਾਨੇ ਨੂੰ 5600 ਕਰੋੜ ਦੇ ਘਾਟੇ ਦੀ ਸੀਬੀਆਈ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਸ਼ਰਾਬ ਤੇ ਰੇਤ ਮਾਫੀਆ ਨੂੰ ਦਿੱਤੀਆਂ ਵੱਡੀਆਂ ਰਿਆਇਤਾਂ ਦੀ ਜਾਂਚ ਵੀ ਮੰਗੀ ਗਈ। ਇਸ ਰੋਸ ਧਰਨੇ ’ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਟੌਹੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਨਿੰਦਰ ਕੌਰ ਲੂੰਬਾ, ਹਰਪ੍ਰੀਤ ਸਿੰਘ ਮੁਖਮੇਲਪੁਰ, ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖੱਟੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਸਿੰਘ ਬਜਾਜ, ਵਿਸ਼ਨੂੰ ਸ਼ਰਮਾ, ਗੁਰਤੇਜ ਸਿੰਘ ਢਿੱਲੋਂ, ਸੁਰਜੀਤ ਸਿੰਘ ਗੜੀ ਤੇ ਹਰਵਿੰਦਰ ਸਿੰਘ ਹਰਪਾਲਪੁਰ ਆਦਿ ਆਗੂ ਸ਼ਾਮਲ ਹੋਏ। ਧਰਨੇ ਦੌਰਾਨ ਫੋਟੋ ਖਿਚਵਾਉਣ ਵੇਲੇ ਕਈ ਆਗੂਆਂ ਨੇ ਕੋਵਿਡ ਪ੍ਰੋਟੋਕਾਲ ਦੇ ਨਿਯਮਾਂ ਦੀ ਪ੍ਰਵਾਹ ਨਹੀਂ ਕੀਤੀ।
ਸੰਗਰੂਰ (ਮਹਿੰਦਰ ਕੌਰ ਮੰਨੂ): ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਵਿੱਚ ਪੜਤਾਲ ਦੇ ਨਾਮ ’ਤੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਨ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਲਗਾ ਕੇ ਕੱਟੇ ਗਏ ਨੀਲੇ ਕਾਰਡਾਂ ਨੂੰ ਤੁੰਰਤ ਬਹਾਲ ਕਰਨ ਅਤੇ ਕਥਿਤ ਘੁਟਾਲਿਆਂ ਦੀ ਜਾਂਚ ਦੀ ਮੰਗ ਕੀਤੀ ਗਈ। ਇਸ ਮੌਕੇ ਸ੍ਰੀ ਝੂੰਦਾ ਨੇ ਸਰਕਾਰੀ ਖ਼ਜ਼ਾਨੇ ਨੂੰ 5600 ਕਰੋੜ ਦੇ ਮਾਲੀ ਘਾਟੇ ਦੀ ਸੀਬੀਆਈ ਜਾਂਚ ਮੰਗੀ। ਇਸ ਤੋਂ ਇਲਾਵਾ ਉਨ੍ਹਾਂ ਸ਼ਰਾਬ ਤੇ ਰੇਤ ਮਾਫ਼ੀਆ ਨੂੰ ਦਿੱਤੀਆਂ ਰਿਆਇਤਾਂ ਦੀ ਵੀ ਉੱਚ ਪੱਧਰੀ ਜਾਂਚ ਕਰਨ, ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਚਾਰ ਮਹੀਨੇ ਦੇ ਬਿਜਲੀ, ਪਾਣੀ, ਸੀਵਰੇਜ ਦੇ ਬਿੱਲ ਮੁਆਫ਼ ਕਰਨ ਅਤੇ ਨੀਲੇ ਕਾਰਡਾਂ ਦੇ ਬਹਾਲ ਹੋਣ ਤਕ ਸਾਰਿਆਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ, ਗੁਲਜ਼ਾਰੀ ਮੂਨਕ, ਤੇਜਾ ਸਿੰਘ ਕਮਾਲਪੁਰ, ਹਰੀ ਸਿੰਘ ਨਾਭਾ ਤੇ ਵਿਨਰਜੀਤ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਮੁਜ਼ਾਹਰੇ ਕਰਨ ਆਏ ‘ਆਪ’ ਤੇ ਅਕਾਲੀ ਕਾਰਕੁਨਾਂ ਵਿਚਾਲੇ ਟਕਰਾਅ ਟਲਿਆ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੇ ਮੁੱਦਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਸਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਵੀ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਸੌਂਪਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆਏ ਹੋਏ ਸਨ। ਇਸ ਦੌਰਾਨ ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਹੋ ਗਈਆਂ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਸਿਮਰਤ ਕੌਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗ ਪਏ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿੱਚ ਵੀ ਰੋਸ ਵਧ ਗਿਆ ਤੇ ਸਥਿਤੀ ਤਣਾਅਪੂਰਨ ਬਣ ਗਈ ਪਰ ਪੁਲੀਸ ਦੀ ਮੁਸ਼ਤੈਦੀ ਕਾਰਨ ਟਕਰਾਅ ਟਲ ਗਿਆ।