ਪੱਤਰ ਪ੍ਰੇਰਕ
ਸਮਰਾਲਾ, 4 ਜੁਲਾਈ
ਕਾਰਗਿਲ ’ਚ ਤਾਇਨਾਤ ਪਿੰਡ ਢੀਂਡਸਾ ਦੇ ਫ਼ੌਜੀ ਪਲਵਿੰਦਰ ਸਿੰਘ ਦਾ ਜੀਪ ਦਰਾਸ ਦਰਿਆ ’ਚ ਡਿੱਗਣ ਦੇ 12 ਦਿਨ ਮਗਰੋਂ ਵੀ ਕੋਈ ਥਹੁ-ਪਤਾ ਨਾ ਲੱਗਣ ਕਾਰਨ ਉਸ ਦੇ ਪਿੰਡ ਵਿੱਚ ਉਦਾਸੀ ਛਾਈ ਹੋਈ ਹੈ। ਲਾਪਤਾ ਹੋਏ ਜਵਾਨ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ 22 ਜੂਨ ਨੂੰ ਜਦੋਂ ਉਹ ਆਪਣੇ ਇਕ ਲੈਫਟੀਨੈਂਟ ਅਧਿਕਾਰੀ ਨਾਲ ਮੀਨਾ ਮਾਰਗ ਤੋਂ ਦਰਾਸ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਜੀਪ ਦਰਾਸ ਦਰਿਆ ਵਿੱਚ ਡਿੱਗ ਗਈ। ਤਿੰਨ ਦਿਨ ਦੀ ਭਾਲ ਮਗਰੋਂ ਫ਼ੌਜ ਦੇ ਜਵਾਨਾਂ ਨੇ ਜੀਪ ਤਾਂ ਬਾਹਰ ਕੱਢ ਲਈ ਪਰ ਜਵਾਨ ਪਲਵਿੰਦਰ ਸਿੰਘ ਅਤੇ ਉਸ ਦੇ ਲੈਫਟੀਨੈਂਟ ਅਧਿਕਾਰੀ ਸ਼ੁਭਾਨ ਅਲੀ ਬਾਰੇ ਹਾਲੇ ਵੀ ਕੁਝ ਪਤਾ ਨਹੀਂ ਲੱਗ ਸਕਿਆ।