ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਗਸਤ
ਇਥੋਂ ਦੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਤੇ ਕੌਮੀ ਤਿਰੰਗੇ ਦੀ ਬੇਅਦਬੀ ਕਰਨ ਮਗਰੋਂ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਧਾਰਮਿਕ ਸਥਾਨ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਤੇ ਜ਼ਿਲ੍ਹੇ ’ਚ ਹੋਰ ਜਨਤਕ ਸਥਾਨਾਂ ਉੱਤੇ ਕੇਸਰੀ ਝੰਡੇ ਝੁਲਾਉਣ ਤੋਂ ਪੁਲੀਸ ਨੂੰ ਭਾਜੜਾਂ ਪਈਆਂ ਹੋਈਆਂ ਹਨ। ਇਥੇ ਅਜੀਤਵਾਲ ਕਸਬੇ ’ਚ ਪਿੰਡ ਢੁੱਡੀਕੇ ਵਿਖੇ ਧਾਰਮਿਕ ਸਥਾਨ ਉੱਤੇ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ ਗਿਆ। ਇਸੇ ਧਾਰਮਿਕ ਸਥਾਨ ਉੱਤੇ 15 ਅਗਸਤ ਨੂੰ ਕੌਮੀ ਤਿਰੰਗਾ ਝੰਡਾਂ ਝੁਲਾਉਣ ਤੋਂ ਵੀ ਤਣਾਅ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ’ਚ ਧੜੇਬੰਦੀ ਹੈ।
ਇਥੇ ਨਿਹਾਲ ਸਿੰਘ ਵਾਲਾ ਬੱਸ ਅੱਡੇ ਉੱਤੇ ਲੱਗੀਆਂ ਉੱਚੀਆਂ ਵੱਡੀਆਂ ਲਾਈਟਾਂ ਤੋਂ ਇਲਾਵਾ ਨੇੜਲੇ ਪਿੰਡ ਮਾਣੂੰਕੇ ਬੱਸ ਅੱਡੇ ਉੱਤੇ ਅਤੇ ਥਾਣਾ ਸਦਰ ਅਧੀਨ ਪਿੰਡ ਡਗਰੂ ਕੋਲੋਂ ਲੰਘਦੇ ਫ਼ਲਾਈ ਓਵਰ ਪੁਲ ਉੱਤੇ ਵੀ ਖੰਡੇ ਵਾਲੇ ਕੇਸਰੀ ਝੰਡੇ ਝੁਲ ਗਏ। ਪੁਲੀਸ ਨੇ ਝੰਡੇ ਉਤਾਰ ਕੇ ਕਬਜ਼ੇ ਵਿੱਚ ਲੈ ਲਏ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕੇਸਰੀ ਝੰਡਿਆਂ ਉੱਤੇ ਸਿਰਫ਼ ਖੰਡਾ ਹੀ ਛਪਿਆ ਹੋਇਆ ਸੀ। ਇਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਖ਼ਾਲਿਸਤਾਨੀ ਝੰਡਾਂ ਝੁਲਾਉਣ ਤੇ ਕੌਮੀ ਤਿਰੰਗੇ ਦੀ ਬੇਅਦਬੀ ਦੀ ਘਟਨਾਂ ਮਗਰੋਂ ਸੰਤਰੀ ਦੀ ਡਿਊਟੀ ਲਈ ਤਾਇਨਾਤ ਤਿੰਨ ਥਾਣੇਦਾਰਾਂ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਏਐੱਸਆਈ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਟੀਮ ਦੇ 3 ਤੇ ਪੰਜਾਬ ਪੁਲੀਸ ਦਾ ਸਿਪਾਹੀ ਤਾਇਨਾਤ ਕਰ ਦਿੱਤਾ ਗਿਆ ਹੈ।