ਡਾ. ਸੁਰਜੀਤ ਬਰਾੜ
ਨਾਮਵਰ ਹਸਤਾਖ਼ਰ ਗਿਆਨੀ ਗੁਰਦਿੱਤ ਸਿੰਘ ਦਾ ਨਾਮ ਜ਼ਿਹਨ ਵਿਚ ਆਉਂਦਿਆਂ ਹੀ ਉਸ ਦੀ ਬੇਸ਼ਕੀਮਤੀ ਪੁਸਤਕ ‘ਮੇਰਾ ਪਿੰਡ’ ਸਾਡੇ ਸਨਮੁਖ ਆ ਖੜ੍ਹਦੀ ਹੈ। 1961 ਵਿਚ ਪਹਿਲੀ ਵਾਰ ਇਹ ਪੁਸਤਕ ਪ੍ਰਕਾਸ਼ਿਤ ਹੋਈ ਸੀ, ਤਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਪੰਜਾਬੀ ਸਭਿਆਚਾਰ ਦੇ ਸ਼ੈਦਾਈ ਅਤੇ ਮੁੱਦਈ ਅਸ਼-ਅਸ਼ ਕਰ ਉੱਠੇ ਸਨ। ਪੁਸਤਕ ‘ਮੇਰਾ ਪਿੰਡ’ ਪੰਜਾਬ ਦੇ ਪਿੰਡਾਂ ਦੀ ਤਰਜਮਾਨੀ ਕਰਦੀ ਹੈ। ਕੁਝ ਵਿਦਵਾਨ ਇਸ ਨੂੰ ਪੰਜਾਬੀ ਸਾਹਿਤ ਦਾ ‘ਮੇਰਾ ਦਾਗਿਸਤਾਨ’ ਗਰਦਾਨਦੇ ਹਨ। ਮੈਂ ਨਿਰਸੰਕੋਚ ਇਹ ਕਹਿ ਸਕਦਾ ਹਾਂ, ਇਹ ਅਵਾਰ ਬੋਲੀ ਦਾ ਮੇਰਾ ਪਿੰਡ ਵੀ ਹੋ ਸਕਦੀ ਹੈ। ‘ਮੇਰਾ ਪਿੰਡ’ ਨੇ ਗਿਆਨੀ ਜੀ ਦੀ ਵਿਲੱਖਣ ਪਹਿਚਾਣ ਬਣਾਈ ਸੀ। ਇਸ ਪੁਸਤਕ ਦਾ ਨਾਮ ਹੀ ਗਿਆਨੀ ਜੀ ਨਾਲ ਜੁੜ ਚੁੱਕਾ ਹੈ। ਗਿਆਨੀ ਜੀ ਨੂੰ ‘ਮੇਰਾ ਪਿੰਡ’ ਵਾਲਾ ਗੁਰਦਿੱਤ ਸਿੰਘ ਕਹਿ ਕੇ ਪੁਕਾਰਿਆ ਜਾਂਦਾ ਹੈ। ਕਿਸੇ ਵਿਅਕਤੀ ਦੇ ਨਾਮ ਨਾਲ ਉਸ ਦੀ ਲਿਖਤ ਦਾ ਜੁੜ ਜਾਣਾ ਉਸ ਪੁਸਤਕ ਦੀ ਮਹੱਤਤਾ ਦਾ ਜੀਵੰਤ ਪ੍ਰਮਾਣ ਹੈ।
ਗਿਆਨੀ ਗੁਰਦਿੱਤ ਸਿੰਘ ਵਿਲੱਖਣ ਅਤੇ ਬਹੁਪੱਖੀ ਸ਼ਖ਼ਸੀਅਤ ਸਨ। ਉਹ ਸਾਹਿਤ ਅਤੇ ਗੁਰਮਤਿ ਦਾ ਅਨੂਠਾ ਸੰਗਮ ਸਨ। ਪਹਿਲੀ ਗੱਲ, ਗਿਆਨੀ ਜੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿੱਖ ਨੂੰ ਸੰਵਾਰਨਾ-ਨਿਖਾਰਨਾ ਅਤੇ ਚੜ੍ਹਦੀ ਕਲਾ ਵਿਚ ਵੇਖਣ ਦਾ ਸੀ। ਜਿੱਥੇ ਗਿਆਨੀ ਜੀ ਸਿੱਖ ਇਤਿਹਾਸ ਦੇ ਉੱਤਮ ਅਤੇ ਉੱਚ ਦਰਜੇ ਦੇ ਵਿਦਵਾਨ ਸਨ, ਉੱਥੇ ਉਹ ਪੰਜਾਬੀ ਸਭਿਆਚਾਰ, ਪੰਜਾਬੀ ਭਾਸ਼ਾ, ਪੰਜਾਬੀ ਮੁਹਾਵਰਿਆਂ ਦੇ ਮਾਹਿਰ ਵੀ ਸਨ। ਉਹ ਪੰਜਾਬੀ ਟੋਟਕਿਆਂ, ਚੁਟਕਲਿਆਂ ਦੇ ਧਨੀ ਸਨ। ਹਾਜ਼ਰਜਵਾਬੀ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ।
ਗਿਆਨੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਉਪਰ ਸ਼ਲਾਘਾਯੋਗ ਅਤੇ ਗ਼ੌਰਤਲਬ ਕਾਰਜ ਕੀਤਾ ਸੀ। ਭਗਤਾਂ ਦੇ ਜੀਵਨ ਅਤੇ ਰਚਨਾ ਬਾਰੇ ਜੋ ਸਮੱਗਰੀ ਗਿਆਨੀ ਜੀ ਨੇ ਕਰੜੀ ਘਾਲਣਾ ਨਾਲ ਇਕੱਤਰ ਕੀਤੀ, ਉਹ ਬਾਕਮਾਲ ਹੈ। ਭਗਤਾਂ ਦੇ ਜੀਵਨ-ਕਾਲ ਦੀ ਨਿਸ਼ਾਨਦੇਹੀ ਕਰਨੀ ਕਠਿਨ ਕਾਰਜ ਸੀ ਜਿਸ ਨੂੰ ਗਿਆਨੀ ਜੀ ਨੇ ਚਾਲੀ ਸਾਲ ਦੀ ਘਾਲਣਾ ਨਾਲ ਸੰਪੂਰਨ ਕੀਤਾ ਸੀ। ਇਸ ਖੋਜ ਨੂੰ ਉਨ੍ਹਾਂ ਨੇ ‘ਇਤਿਹਾਸ ਸ੍ਰੀ ਗੁਰੂ ਗ੍ਰੰਥ- ਭਗਤ ਬਾਣੀ ਭਾਗ’ ਪੁਸਤਕ ਵਿਚ ਦਰਜ ਕਰਕੇ ਸਾਂਭ ਦਿੱਤਾ। ਗਿਆਨੀ ਜੀ ਦਾ ਇਹ ਕਾਰਜ ਵੀ ‘ਮੇਰਾ ਪਿੰਡ’ ਪੁਸਤਕ ਵਾਂਗ ਅਹਿਮ ਅਤੇ ਵਡਮੁੱਲਾ ਸੀ। ਗਿਆਨੀ ਜੀ ਭਗਤਾਂ ਨਾਲ ਸਬੰਧਤ ਥਾਵਾਂ ਅਤੇ ਉਨ੍ਹਾਂ ਦੇ ਜਨਮ ਅਸਥਾਨਾਂ ਦਾ ਅਧਿਐਨ ਕਰਨ ਲਈ, ਸੱਚ ਲੱਭਣ ਲਈ ਖ਼ੁਦ ਉੱਥੇ ਗਏ। ਉਨ੍ਹਾਂ ਨੇ ਆਪਣੀ ਖੋਜ ਨਾਲ ਤੱਥ ਅਤੇ ਮਿੱਥਾਂ ਦੇ ਗੰਧਲੇਪਣ ਨੂੰ ਦਰੁਸਤ ਕੀਤਾ ਅਤੇ ਸਭ ਤਰ੍ਹਾਂ ਦੀਆਂ ਭ੍ਰਾਂਤੀਆਂ ਵੀ ਨਵਿਰਤ ਕੀਤੀਆਂ।
ਇਸ ਤੋਂ ਬਾਅਦ ਗਿਆਨੀ ਜੀ ਦੀ ਬਹੁਚਰਚਿਤ ਪੁਸਤਕ ‘ਮੁੰਦਾਵਣੀ’ ਹੈ। ਇਹ ਪੁਸਤਕ ਗੁਰੂ ਗ੍ਰੰਥ ਸਾਹਿਬ ਵਿਚ ‘ਰਾਗਮਾਲਾ’ ਨਾਲ ਸਬੰਧਤ ਹੈ। ਗਿਆਨੀ ਜੀ ਨੇ ਇਸ ਸਬੰਧ ਵਿਚ ਵੀ ਬੜੀ ਮੁੱਲਵਾਨ ਅਤੇ ਗੰਭੀਰ ਖੋਜ ਕੀਤੀ ਸੀ। ਉਨ੍ਹਾਂ ਨੇ ਲਗਪਗ 500 ਹੱਥਲਿਖਤ ਬੀੜਾਂ ਦਾ ਅਧਿਐਨ ਅਤੇ ਮੁਲਾਂਕਣ ਕੀਤਾ, ਫਿਰ ਜਾ ਕੇ ਨਿਰਣਾ ਦਿੱਤਾ ਕਿ ‘ਰਾਗਮਾਲਾ’ ਗੁਰੂਆਂ ਦੀ ਬਾਣੀ ਨਹੀਂ ਹੈ। ਇਹ ਖੋਜ ਵਿਦਵਾਨਾਂ ਅਤੇ ਲੋਕਾਂ ਵਿਚ ਵਾਦ-ਵਿਵਾਦ ਦਾ ਵਿਸ਼ਾ ਵੀ ਬਣੀ ਰਹੀ। ਇਹ ਵਾਦ-ਵਿਵਾਦ ਸਮਕਾਲੀ ਸੱਚ ਵੀ ਹੈ।
ਇਸ ਤਰ੍ਹਾਂ ਗਿਆਨੀ ਜੀ ਨੇ ਆਪਣੇ ਜੀਵਨ ਕਾਲ ਵਿਚ ਬੜੇ ਅਹਿਮ ਕਾਰਜ ਕੀਤੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਵਿਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਇਕ ਹੋਰ ਪੱਖੋਂ ਵੀ ਗਿਆਨੀ ਜੀ ਦੀ ਦੇਣ ਵਡਿਆਈਯੋਗ ਹੈ। ਪਹਿਲਾਂ ਸਿੱਖ ਧਰਮ ਵਿਚ ਚਾਰ ਤਖ਼ਤ ਸਨ। ਗਿਆਨੀ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਰੇ ਅਜਿਹੀ ਖੋਜ ਭਰਪੂਰ ਜਾਣਕਾਰੀ ਦਿੱਤੀ ਜਿਸ ਕਰਕੇ ਇਸ ਸਥਾਨ ਨੂੰ ਪੰਜਵੇਂ ਤਖ਼ਤ ਵਜੋਂ ਮਾਨਤਾ ਪ੍ਰਾਪਤ ਹੋਈ।
ਗਿਆਨੀ ਜੀ ਨੇ ਕਈ ਹੋਰ ਵੀ ਇਤਿਹਾਸਕ ਕਾਰਜ ਕੀਤੇ ਸਨ। ਉਨ੍ਹਾਂ ਦੀ ਹਰ ਦੇਣ ਦਾ ਮੁੱਲ ਨਹੀਂ ਆਂਕਿਆ ਜਾ ਸਕਦਾ। ਗਿਆਨੀ ਜੀ ਦੇ ਇਕ ਹੋਰ ਪੱਖ ’ਤੇ ਵੀ ਝਾਤ ਪਾਉਣੀ ਜਾਇਜ਼ ਹੈ। ਉਹ ਗਹਿਰ-ਗੰਭੀਰ ਪੱਤਰਕਾਰ ਵੀ ਸਨ। ਪਟਿਆਲੇ ਤੋਂ ‘ਪ੍ਰਕਾਸ਼’ ਨਾਮ ਦਾ ਰੋਜ਼ਾਨਾ ਅਖ਼ਬਾਰ ਵੀ ਕੱਢਦੇ ਸਨ। ਇਸ ਤੋਂ ਬਿਨਾਂ ਉਹ ਸਿੰਘ ਸਭਾ ਦੇ ਮਾਸਿਕ ਪੱਤਰ ‘ਜੀਵਨ ਸੰਦੇਸ਼’ ਦੀ ਸੰਪਾਦਕੀ ਦਾ ਕਾਰਜ ਵੀ ਨਿਭਾਉਂਦੇ ਸਨ। ਗਿਆਨੀ ਜੀ ਦੇ ਕਾਰਜਾਂ ਨੂੰ ਸਵੀਕ੍ਰਿਤੀ ਦਿੰਦਿਆਂ 2006 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸਾਹਿਤ ਸ਼੍ਰੋਮਣੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਗਿਆਨੀ ਜੀ ਨੇ ਧਾਰਮਿਕ ਖੇਤਰ ਵਿਚ ਭਾਵੇਂ ਬਹੁਤ ਨਿੱਗਰ ਅਤੇ ਮੁੱਲਵਾਨ ਕਾਰਜ ਕੀਤਾ ਹੈ, ਪਰ ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਮੇਰਾ ਪਿੰਡ’ ਪਾਠਕਾਂ ਦੇ ਮਨਾਂ ਵਿਚ ਵਸੀ ਹੋਈ ਹੈ। ਪੰਜਾਬ ਦੇ ਹਰ ਵਿਦਵਾਨ ਨੇ ਇਸ ਪੁਸਤਕ ਨੂੰ ਖ਼ੂਬ ਸਲਾਹਿਆ। ਪ੍ਰਸਿੱਧ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਨੇ ਇਸ ਪੁਸਤਕ ਨੂੰ ‘ਲੋਕ ਵੇਦ’ ਕਹਿ ਕੇ ਸਤਿਕਾਰਿਆ ਸੀ। ਸਮਕਾਲੀ ਵਿਦਵਾਨ ਵੀ ਇਸ ਪੁਸਤਕ ਨੂੰ ਪੰਜਾਬੀ ਸਭਿਆਚਾਰ ਦਾ ਮੁੱਲਵਾਨ ਦਸਤਾਵੇਜ਼ ਗਰਦਾਨਦੇ ਹਨ।
ਗਿਆਨੀ ਗੁਰਦਿੱਤ ਸਿੰਘ ਦੇ ਜੀਵਨ, ਸ਼ਖ਼ਸੀਅਤ, ਸਿਰਜਣਾਤਮਿਕ ਸਾਹਿਤਕ ਕਾਰਜ ਅਤੇ ਧਾਰਮਿਕ ਖੋਜ ਬਾਰੇ ਸਾਹਿਤ ਅਕਾਦਮੀ ਦਿੱਲੀ ਨੇ ਬਲਦੇਵ ਸਿੰਘ ਤੋਂ ਮੋਨੋਗਰਾਫ਼ ਪੁਸਤਕ ਲਿਖਵਾਈ ਹੈ। ਬਲਦੇਵ ਸਿੰਘ ਨੇ ਆਪਣੀ ਇਸ ਪੁਸਤਕ ‘ਭਾਰਤੀ ਸਾਹਿਤ ਦੇ ਨਿਰਮਾਤਾ- ਗਿਆਨੀ ਗੁਰਦਿੱਤ ਸਿੰਘ’ ਵਿਚ ਗਿਆਨੀ ਜੀ ਦੇ ਸਮੁੱਚੇ ਕਾਰਜ ਨਾਲ ਪੂਰਾ ਇਨਸਾਫ਼ ਕੀਤਾ ਹੈ। ਮੇਰੀ ਧਾਰਨਾ ਹੈ ਕਿ ਹੋਰ ਮਹਾਨਤਮ ਲੇਖਕਾਂ, ਵਿਦਵਾਨਾਂ ਅਤੇ ਖੋਜਕਰਤਿਆਂ ਬਾਰੇ ਵੀ ਅਜਿਹੇ ਕਾਰਜ ਹੋਣੇ ਜ਼ਰੂਰੀ ਹਨ।
ਗਿਆਨੀ ਗੁਰਦਿੱਤ ਸਿੰਘ ਦਾ ਸਾਹਿਤਕ ਕਾਰਜ ਗੁਣਾਤਮਿਕ ਤੇ ਬਹੁਮੁੱਲਾ ਹੋਣ ਦੇ ਨਾਲ-ਨਾਲ ਗਿਣਾਤਮਿਕ ਪੱਖੋਂ ਵੀ ਘੱਟ ਨਹੀਂ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਬਲਦੇਵ ਸਿੰਘ ਨੇ ਕੇਵਲ ਸੌ ਸਫ਼ਿਆਂ ਵਿਚ ਹੀ ਉਨ੍ਹਾਂ ਦੇ ਜੀਵਨ, ਉਨ੍ਹਾਂ ਦੀ ਕ੍ਰਿਸ਼ਮਈ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਿਰਜਣਾਤਮਿਕ ਕਾਰਜ ਨੂੰ ਬਾਖ਼ੂਬੀ ਸਮੇਟ ਦਿੱਤਾ ਹੈ। ਬਲਦੇਵ ਸਿੰਘ ਦਾ ਮੱਤ ਹੈ ਕਿ ਧਾਰਮਿਕ ਖੇਤਰ ਵਿਚ ਹੀ ਨਹੀਂਂ ਸਗੋਂ ਹੋਰ ਖੇਤਰਾਂ ਵਿਚ ਵੀ ਗਿਆਨੀ ਜੀ ਦਾ ਖੋਜ ਕਾਰਜ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਬਲਦੇਵ ਸਿੰਘ ਲਈ ਇਹ ਚੁਣੌਤੀ ਸੀ, ਪਰ ਪੁਸਤਕ ਪੜ੍ਹਨ-ਵਾਚਣ ਤੋਂ ਬਾਅਦ ਮੇਰੀ ਧਾਰਨਾ ਬਣੀ ਕਿ ਬਲਦੇਵ ਸਿੰਘ ਨੇ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ ਹੈ। ਇਸ ਪੁਸਤਕ ਦੀ ਇਕ ਖ਼ੂਬਸੂਰਤੀ ਹੋਰ ਵੀ ਹੈ ਜੋ ਇਸ ਪੁਸਤਕ ਨੂੰ ਵੱਖਰੀ ਅਤੇ ਵਿਲੱਖਣ ਬਣਾਉਂਦੀ ਹੈ। ਮੈਂ ਅਨੇਕਾਂ ਲੇਖਕਾਂ ਦੇ ਮੋਨੋਗਰਾਫ਼ ਪੜ੍ਹੇ ਹਨ। ਇਹ ਪਹਿਲਾ ਹੈ ਜਿਸ ਵਿਚ ਲੇਖਕ ਨੇ ਮੁੱਢ ਵਿਚ ਹੀ ਗਿਆਨੀ ਜੀ ਦੀ ਪਤਨੀ ਇੰਦਰਜੀਤ ਕੌਰ ਨਾਲ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼ ਦਿੱਤੇ ਹਨ। ਇਹ ਮੁਲਾਕਾਤ ਯਥਾਰਥਵਾਦੀ ਹੈ ਜਿਸ ’ਚੋਂ ਗਿਆਨੀ ਜੀ ਦੀ ਸਮੁੱਚੀ ਜੀਵਨ-ਜਾਚ ਝਲਕਦੀ ਹੈ। ਉਨ੍ਹਾਂ ਦੇ ਸੁਭਾਅ ਬਾਰੇ ਹੀ ਨਹੀਂ, ਉਨ੍ਹਾਂ ਦੇ ਸਿਰਜਣਾਤਮਿਕ ਅਮਲ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਿਨਾਂ ਗਿਆਨੀ ਜੀ ਦੇ ਜੀਵਨ ਨਾਲ ਜੁੜੀਆਂ ਨਿੱਕੀਆਂ-ਨਿੱਕੀਆਂ ਯਾਦਾਂ ਦਾ ਵਰਨਣ ਵੀ ਮੁਲਾਕਾਤ ’ਚੋਂ ਮਿਲਦਾ ਹੈ। ਮੇਰੀ ਦ੍ਰਿਸ਼ਟੀ ਵਿਚ ਜੋ ਪਹਿਲਾਂ ਕਿਧਰੇ ਵੀ ਪੜ੍ਹਨ ਨੂੰ ਨਹੀਂ ਮਿਲਿਆ ਸੀ, ਪਰ ਉਹ ਕੁਝ ਇਸ ਮੁਲਾਕਾਤ ਰਾਹੀਂ ਪ੍ਰਾਪਤ ਹੁੰਦਾ ਹੈ।
ਗਿਆਨੀ ਜੀ ਦੀ ਚੁਲਬੁਲੀ ਤੇ ਖਿੱਚਪਾਊ ਵਾਰਤਕ ਦੇ ਨਮੂਨੇ ਵੀ ਦਿੱਤੇ ਗਏ ਹਨ। ਭਗਤਾਂ ਦੀ ਬਾਣੀ ਦੇ ਸਬੰਧ ਵਿਚ ਵਰਤੀ ਗਈ ਖੋਜ ਵਿਧੀ ਦਾ ਵੀ ਜ਼ਿਕਰ ਉਪਲੱਬਧ ਹੈ। ਗਿਆਨੀ ਜੀ ਬਾਰੇ ਵਿਚਾਰਵਾਨਾਂ, ਵਿਦਵਾਨਾਂ ਅਤੇ ਨੇਤਾਵਾਂ ਦੀਆਂ ਰਾਵਾਂ ਵੀ ਦਿੱਤੀਆਂ ਗਈਆਂ ਹਨ। ਕੁੱਲ ਸੱਤ ਕਾਂਡਾਂ ਵਿਚ ਸਾਰਾ ਕੁਝ ਸਮੇਟਣਾ ਬੜਾ ਔਖਾ ਕਾਰਜ ਸੀ, ਪਰ ਬਲਦੇਵ ਸਿੰਘ ਨੇ ਇਹ ਕਰ ਵਿਖਾਇਆ ਹੈ। ਉਸ ਨੇ ਇਸ ਪੁਸਤਕ ਵਿਚ ਸੰਕੋਚਵੀਂ ਸ਼ੈਲੀ ਵਿਚ ਅਹਿਮ ਪਲਾਂ ਅਤੇ ਪੱਖਾਂ ਨੂੰ ਕਲਮਬੱਧ ਕੀਤਾ ਹੈ। ਗਿਆਨੀ ਜੀ ਦੇ ਜੀਵਨ ਦਾ ਕੋਈ ਪੱਖ ਅਜਿਹਾ ਨਹੀਂ ਹੈ ਜਿਸ ਬਾਰੇ ਲੇਖਕ ਨੇ ਜ਼ਿਕਰ ਨਾ ਕੀਤਾ ਹੋਵੇ।
ਮੁਲਾਕਾਤ ਵਿਚ ਸ੍ਰੀਮਤੀ ਇੰਦਰਜੀਤ ਕੌਰ ਕੋਲੋਂ ਬਲਦੇਵ ਨੇ ਜਿਸ ਤਰ੍ਹਾਂ ਦੇ ਸਵਾਲ ਪੁੱਛੇ, ਉਨ੍ਹਾਂ ਦਾ ਜਵਾਬ ਇੰਦਰਜੀਤ ਕੌਰ ਨੇ ਬੜੀ ਬੇਬਾਕੀ ਨਾਲ ਦਿੱਤਾ ਹੈ। ਵਾਰਤਾਲਾਪ ਜਾਂ ਗੱਲਬਾਤ ਦੀ ਅਜਿਹੀ ਖ਼ੂਬਸੂਰਤ ਮਿਸਾਲ ਮਿਲਣੀ ਮੁਸ਼ਕਿਲ ਹੈ। ਗਿਆਨੀ ਜੀ ਦੇ ਪੁੱਤਰ ਰੁਪਿੰਦਰ ਸਿੰਘ ਨੇ ਵੀ ਉਨ੍ਹਾਂ ਦੀ ਬੇਜੋੜ ਸ਼ਖ਼ਸੀਅਤ ਬਾਰੇ ਕਾਫ਼ੀ ਕੁਝ ਕਿਹਾ ਹੈ। ਰੁਪਿੰਦਰ ਸਿੰਘ ਗਿਆਨੀ ਜੀ ਦੀ ਜੀਵਨ ਸ਼ੈਲੀ ਨੂੰ ਆਪਣਾ ਆਦਰਸ਼ ਮੰਨਦਾ ਹੈ। ਉਸ ਦੀ ਇਹ ਵੀ ਧਾਰਨਾ ਹੈ ਕਿ ਉਸ ਉਪਰ ਗਿਆਨੀ ਜੀ ਦਾ ਵਿਸ਼ੇਸ਼ ਪ੍ਰਭਾਵ ਹੈ ਜਿਹੜਾ ਕਦੇ ਨਹੀਂ ਮਿਟ ਸਕਦਾ।
ਬਲਦੇਵ ਸਿੰਘ ਦੀ ਆਪਣੀ ਵਿਕੋਲਿਤਰੀ ਤੇ ਨਿਵੇਕਲੀ ਸਿਰਜਣਾਤਮਿਕ ਸ਼ੈਲੀ ਹੈ। ਚਾਹੇ ਉਹ ‘ਸੜਕਨਾਮਾ’ ਲਿਖ ਰਿਹਾ ਹੋਵੇ, ਚਾਹੇ ਇਤਿਹਾਸਕ ਨਾਵਲ ਰਚ ਰਿਹਾ ਹੋਵੇ, ਪਰ ਅਜਿਹੀ ਰਚਨਾ ਨੂੰ ਕਲਮਬੱਧ ਕਰਨ ਸਮੇਂ ਉਹ ਘਟਨਾ ਸਥਲ ਅਤੇ ਯਾਦਗਾਰਾਂ ਨੂੰ ਖ਼ੁਦ ਅੱਖੀਂ ਦੇਖਦਾ ਤੇ ਪਰਖਦਾ ਹੈ। ਇਕ ਤਰ੍ਹਾਂ ਨਾਲ ਉਹ ਆਪਣੀ ਰਚਨਾ ਵਿਚ ਆਪਣੇ ਆਪ ਨੂੰ ਪੂਰਾ ਝੋਕ ਦਿੰਦਾ ਹੈ। ਗਿਆਨੀ ਗੁਰਦਿੱਤ ਸਿੰਘ ਬਾਰੇ ਮੋਨੋਗਰਾਫ਼ ਵੀ ਉਸ ਨੇ ਉਸੇ ਸੰਵੇਦਨਾ ਨਾਲ ਲਿਖਿਆ ਹੈ। ਪੁਸਤਕ ਬਾਰੇ ਮੇਰੀ ਨਿੱਜੀ ਰਾਇ ਹੈ ਕਿ ਇਹ ਪੁਸਤਕ ਪੰਜਾਬੀ ਦੇ ਹਰ ਪਾਠਕ ਨੂੰ ਪੜ੍ਹਨ ਦੀ ਲੋੜ ਹੈ। ਅਜਿਹੀ ਪੁਸਤਕ ਅੰਗਰੇਜ਼ੀ ਵਿਚ ਹੀ ਨਹੀਂ, ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਣੀ ਚਾਹੀਦੀ ਹੈ। ਭਾਰਤੀ ਸਾਹਿਤ ਅਕਾਦਮੀ ਦੀ ਚੋਣ ਅਤੇ ਬਲਦੇਵ ਸਿੰਘ ਦੇ ਇਸ ਮੁੱਲਵਾਨ ਕਾਰਜ ਨੂੰ ਸਲਾਮ ਹੈ।
ਸੰਪਰਕ: 98553-71313