ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੁਲਾਈ
ਪੰਜਾਬ ਦੇ ਉੱਘੇ ਪ੍ਰੋਫੈਸਰ ਅਵਤਾਰ ਸਿੰਘ ਨੂੰ ਸਾਹਿਤ ਅਕਾਦਮੀ ਭਾਸ਼ਾ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਸਾਹਿਤ ਅਕਾਦਮੀ ਦੇ ਕਾਰਜਕਾਰੀ ਬੋਰਡ ਦੀ ਬੀਤੇ ਦਿਨੀਂ ਗੁਜਰਾਤ ਦੇ ਕੇਵੜੀਆ ਵਿੱਚ ਪ੍ਰਧਾਨ ਮਾਧਵ ਕੌਸ਼ਿਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਉੱਤਰੀ ਖਿੱਤੇ ’ਚੋਂ ਪ੍ਰੋਫੈਸਰ ਅਵਤਾਰ ਸਿੰਘ ਨੂੰ ਸਾਲ 2023 ਲਈ ਕਲਾਸੀਕਲ ਤੇ ਮੱਧਕਾਲੀ ਸਾਹਿਤ ਦੇ ਖੇਤਰ ਵਿੱਚ ਕੀਮਤੀ ਯੋਗਦਾਨ ਪਾਉਣ ਲਈ ਇਹ ਸਨਮਾਨ ਦਿੱਤਾ ਗਿਆ ਹੈ। ਸਾਹਿਤ ਅਕਾਦਮੀ ਨੇ ਦੱਖਣੀ ਖੇਤਰ ਤੋਂ ਡਾ. ਕੇਜੀ ਪੌਲੋਸ ਨੂੰ ਭਾਸ਼ਾ ਸਨਮਾਨ ਲਈ ਚੁਣਿਆ ਹੈ। ਪ੍ਰੋ. ਅਵਤਾਰ ਸਿੰਘ ਪੰਜਾਬ ਦੇ ਫਗਵਾੜਾ ’ਚ ਪੈਂਦੇ ਰਾਮਗੜ੍ਹੀਆ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਐਸੋਸੀਏਟ ਪ੍ਰੋਫੈਸਰ ਹਨ। ਇਸ ਦੇ ਨਾਲ ਹੀ ਉਹ ਇਕ ਬੁਲਾਰੇ ਅਤੇ ਜੀਵਨੀ ਲੇਖਕ ਹਨ। ਉਨ੍ਹਾਂ ਵੱਲੋਂ ਤਿੰਨ ਕਿਤਾਬਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਿਬੰਧਕਾਰ ਭਾਈ ਸਾਹਿਬ ਕਪੂਰ ਸਿੰਘ (ਖੋਜ ਕਾਰਜ), ਸਿੱਖ ਸੈਨਤਾਂ (ਗੁਰਮਤਿ ਨਾਲ ਸਬੰਧਤ ਨਿਬੰਧ) ਅਤੇ ਰਤਨਾਵਲੀ (ਸੰਪਰਕ ਵਿੱਚ ਰਹੇ ਵਿਸ਼ੇਸ਼ ਅਤੇ ਨਿਰਵਿਸ਼ੇਸ਼ ਲੋਕਾਂ ਦੇ ਰੇਖਾ-ਚਿੱਤਰ) ਸ਼ਾਮਲ ਹਨ। ਉਨ੍ਹਾਂ ਦੀ ਚੋਣ ਕਰਨ ਵਾਲੀ ਜਿਊਰੀ ਵਿੱਚ ਪ੍ਰੋਫੈਸਰ ਜਸਪਾਲ ਸਿੰਘ, ਡਾ. ਸ਼ੀਨ ਕਾਫ ਨਿਜ਼ਾਮ ਅਤੇ ਪ੍ਰੋਫੈਸਰ ਰਜਨੀਸ਼ ਕੁਮਾਰ ਮਿਸ਼ਰਾ ਸ਼ਾਮਲ ਸਨ। ਭਾਸ਼ਾ ਸਨਮਾਨ ਵਿੱਚ 1,00,000/- ਲੱਖ ਰੁਪਏ ਦੀ ਨਕਦੀ, ਤਾਂਬੇ ਦਾ ਪੱਤਰ ਅਤੇ ਪ੍ਰਸ਼ੰਸਾ ਪੱਤਰ ਸ਼ਾਮਲ ਹੈ। ਇਹ ਸਨਮਾਨ ਵਿਸ਼ੇਸ਼ ਸਮਾਰੋਹ ਦੌਰਾਨ ਸਾਹਿਤ ਅਕਾਦਮੀ ਦੇ ਪ੍ਰਧਾਨ ਵੱਲੋਂ ਦਿੱਤਾ ਜਾਵੇਗਾ।