ਹਰਦੇਵ ਚੌਹਾਨ
ਚੰਡੀਗੜ੍ਹ, 27 ਅਪਰੈਲ
ਇੱਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਉੱਘੇ ਲੇਖਕ, ਅਨੁਵਾਦਕ ਤੇ ਆਲੋੋਚਕ ਡਾ. ਤੇਜਵੰਤ ਸਿੰਘ ਗਿੱਲ ਨੂੰ ਸਾਹਿਤ ਅਕਾਦਮੀ ਫੈਲੋਸ਼ਿਪ ਭੇਟ ਕੀਤੀ ਗਈ। ਸ੍ਰੀ ਗਿੱਲ ਨੂੰ ਇਹ ਫੈਲੋਸ਼ਿਪ ਸਾਹਿਤ ਅਕਾਦਮੀ ਦਿੱਲੀ ਦੇ ਸਕੱਤਰ ਡਾ. ਕੇ ਸ੍ਰੀਨਿਵਾਸ ਰਾਓ, ਡਾ. ਸੁਰਜੀਤ ਪਾਤਰ ਤੇ ਮਾਧਵ ਕੌਸ਼ਿਕ ਨੇ ਸਾਂਝੇ ਤੌਰ ’ਤੇ ਭੇਟ ਕੀਤੀ। ਇਸ ਤੋਂ ਪਹਿਲਾਂ ਡਾ. ਰਾਓ ਨੇ ਕਿਹਾ ਕਿ ਸ੍ਰੀ ਗਿੱਲ ਨੇ ਆਪਣੀ ਪੂਰੀ ਜ਼ਿੰਦਗੀ ਲਿਖਣ-ਪੜ੍ਹਨ ਅਤੇ ਅਨੁਵਾਦ ਦੇ ਲੇਖੇ ਲਗਾਈ ਹੈ।
ਮਾਧਵ ਕੌਸ਼ਿਕ ਨੇ ਕਿਹਾ ਕਿ ਤੇਜਵੰਤ ਗਿੱਲ ਸਾਰੇ ਆਲੋਚਕਾਂ ਵਿੱਚੋਂ ਨਿਮਰ ਆਲੋਚਕ ਹਨ, ਜਿਨ੍ਹਾਂ ਦੀਆਂ ਲਿਖਤਾਂ ਰਾਹੀਂ ਪਾਤਰ, ਪਾਸ਼ ਤੇ ਸੇਖੋਂ ਨੂੰ ਸਮਝਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਭਾਰਤ ਵਿੱਚ ਅਨੁਵਾਦ ਨੂੰ ਹਾਲੇ ਤੱਕ ਬਣਦਾ ਮਾਣ ਪ੍ਰਾਪਤ ਨਹੀਂ ਹੋਇਆ ਹੈ। ਇਸ ਮੌਕੇ ਡਾ. ਤੇਜਵੰਤ ਸਿੰਘ ਗਿੱਲ ਨੇ ਦੱਸਿਆ ਕਿ ਗੁਰਬਖਸ਼ ਸਿੰਘ ਪ੍ਰੀਤਲੜੀ, ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ ਤੇ ਗੁਰਦਿਆਲ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਇਹ ਫੈਲੋਸ਼ਿਪ ਮਿਲੀ ਹੈ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਮੋਹਨ ਸਿੰਘ ਤੇ ਸੇਖੋਂ ਨੇ ਉਨ੍ਹਾਂ ਨੂੰ ਅਨੁਵਾਦ ਕਾਰਜ ਲਈ ਹੌਸਲਾ ਦਿੱਤਾ, ਜਿਸ ਸਦਕਾ ਅੱਜ ਉਹ ਇਸ ਮੁਕਾਮ ’ਤੇ ਪੁੱਜੇ ਹਨ।
ਸ੍ਰੀ ਗਿੱਲ ਬਾਰੇ ਸੰਵਾਦ ਰਚਾਉਂਦਿਆਂ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੀ ਕਨਵੀਨਰ ਡਾ. ਵਨੀਤਾ ਨੇ ਕਿਹਾ ਕੇ ਦਿੱਲੀ ਤੇਜਵੰਤ ਗਿੱਲ ਨੂੰ ਸਨਮਾਨਿਤ ਕਰਨ ਲਈ ਅੱਜ ਪੰਜਾਬ ਆਈ ਹੈ। ਡਾ. ਵਨੀਤਾ ਨੇ ਕਿਹਾ ਕਿ ਗਿੱਲ ਸਾਹਿਬ ਨੇ ਕਵਿਤਾ ਤੋਂ ਸ਼ੁਰੂਆਤ ਕਰ ਕੇ ਸੰਪਾਦਕੀ, ਇਤਿਹਾਸਕਾਰੀ ਅਤੇ ਅਨੁਵਾਦ ਵਿੱਚ ਚੋਖਾ ਕਾਰਜ ਕੀਤਾ ਹੈ। ਇਸ ਮੌਕੇ ਇੰਦੂ ਬਾਂਗਾਂ ਨੇ ਵੀ ਤੇਜਵੰਤ ਸਿੰਘ ਦੇ ਕਾਰਜ ’ਤੇ ਚਾਨਣਾ ਪਾਇਆ। ਡਾ. ਸੁਰਜੀਤ ਪਾਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਚਿੰਤਕਾਂ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਸਾਡੇ ਪਹਿਲੇ ਅਨੁਵਾਦਕ ਹਨ, ਜਿਨ੍ਹਾਂ ਨੂੰ ਐਨਾ ਵੱਡਾ ਸਨਮਾਨ ਮਿਲਿਆ ਹੈ। ਸ੍ਰੀ ਗਿੱਲ ਨੇ ਪੱਛਮੀ ਸਾਹਿਤ ਦਾ ਅਨੁਵਾਦ ਕਰ ਕੇ ਪੰਜਾਬੀ ਸਾਹਿਤ ਨੂੰ ਮਾਲਾ-ਮਾਲ ਕੀਤਾ ਹੈ। ਇਸ ਮੌਕੇ ਹਾਜ਼ਰੀਨਾਂ ਵਿੱਚ ਡਾ. ਸਵਰਾਜਬੀਰ, ਡਾ. ਮਨਮੋਹਨ, ਬਲਕਾਰ ਸਿੱਧੂ, ਗੁਲਜ਼ਾਰ ਸਿੰਘ ਸੰਧੂ, ਅਗਮ ਜੋਤ, ਅਮਰ ਜਿਓਤੀ, ਨਿਰਮਲ ਜੌੜਾ, ਨਿੰਦਰ ਘੁਗਿਆਣਵੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਡਾ. ਲਖਵਿੰਦਰ ਜੌਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।