ਰੂਪਨਗਰ/ਘਨੌਲੀ (ਜਗਮੋਹਨ ਸਿੰਘ): ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਕਰਨ ਵਾਲੇ ਸੰਤ ਅਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਬੀਤੀ ਰਾਤ 11 ਵਜੇ ਮੈਕਸ ਹਸਪਤਾਲ ਮੁਹਾਲੀ ਵਿਖੇ ਅੰਤਿਮ ਸਾਹ ਲਏ। ਸੰਤਾਂ ਦੇ ਨਿੱਜੀ ਸੇਵਾਦਾਰ ਬਹਾਦਰ ਸਿੰਘ ਅਤੇ ਨਿੱਜੀ ਸਹਾਇਕ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਦੇਹ ਦਾ ਸੰਸਕਾਰ 23 ਦਸੰਬਰ ਨੂੰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਨਿਹੋਲਕਾ (ਨੇੜੇ ਕੁਰਾਲੀ) ਵਿਖੇ ਕੀਤਾ ਜਾਵੇਗਾ। ਸੰਤਾਂ ਦੀ ਦੇਹ ਨੂੰ ਅੱਜ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 1998 ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਅਤੇ ਸੰਤ ਅਜੀਤ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਗੁਰਦੁਆਰਾ ਸ੍ਰੀ ਦਸਮੇਸ਼ ਬੁੰਗਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਵੱਲੋਂ ਗਵਾਲੀਅਰ ’ਚ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਸ੍ਰੀ ਬਰਾੜ ਮੁਤਾਬਕ ਸੰਤ ਅਜੀਤ ਸਿੰਘ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਸਨ। ਕੁੱਝ ਦਿਨ ਪਹਿਲਾਂ ਸਿਹਤ ਵਿੱਚ ਸੁਧਾਰ ਹੋਣ ਉਪਰੰਤ ਉਹ ਹਸਪਤਾਲ ਤੋਂ ਆ ਗਏ ਸਨ। ਦੋ ਦਿਨ ਪਹਿਲਾਂ ਤਬੀਅਤ ਵਿਗੜਨ ਮਗਰੋਂ ਉਨ੍ਹਾਂ ਨੂੰ ਮੁੜ ਮੈਕਸ ਹਸਪਤਾਲ ਲਿਜਾਇਆ ਗਿਆ ਸੀ। ਸੰਤ ਅਜੀਤ ਸਿੰਘ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਬੁੰਗਾ ਸਾਹਿਬ ਨੇੜੇ ਸਤਲੁਜ ਦਰਿਆ ’ਤੇ ਪੱਕਾ ਪੁਲ ਬਣਾਇਆ ਗਿਆ ਸੀ ਅਤੇ ਥਰਮਲ ਪਲਾਂਟ ਰੂਪਨਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ।