ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜਨਵਰੀ
ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਯਾਦਗਾਰ ਦਾ ਨੀਂਹ ਪੱਥਰ 25 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖਿਆ ਜਾਵੇਗਾ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੈ ਕੁਮਾਰ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਇਸ ਸਮਾਰਕ ’ਚ ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਦੀ ਮਿੱਟੀ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਰਿਕਾਰਡ ਦੇ ਆਧਾਰ ’ਤੇ 492 ਸ਼ਹੀਦਾਂ ਦੀ ਸੂਚੀ ਜਾਰੀ ਕੀਤੀ ਹੈ ਪਰ ਜੇ ਕਿਸੇ ਹੋਰ ਵੀ ਪਰਿਵਾਰ ਦਾ ਮੈਂਬਰ ਸ਼ਹੀਦ ਹੋਇਆ ਹੋਵੇ ਤਾਂ ਉਹ 22 ਜਨਵਰੀ ਤਕ ਸਬੂਤਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਆਪਣਾ ਦਾਅਵਾ ਦਰਜ ਕਰਵਾ ਸਕਦਾ ਹੈ। ਸਰਕਾਰ ਦੀ ਇੱਛਾ ਹੈ ਕਿ ਇਸ ਸਮਾਗਮ ਵਿੱਚ ਹਰੇਕ ਸ਼ਹੀਦ ਦੇ ਪਰਿਵਾਰ, ਪਿੰਡ ਜਾਂ ਸ਼ਹਿਰ ਤੋਂ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਕਮਿਸ਼ਨਰ ਕਾਰਪਰੋਸ਼ੇਨ ਕੋਮਲ ਮਿੱਤਲ ਹਾਜ਼ਰ ਸਨ।