ਸ਼ਸ਼ੀਪਾਲ ਜੈਨ
ਖਰੜ, 27 ਨਵੰਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਐੱਨਓਸੀ ਸ਼ਰਤ ਲਾਉਣ ਕਾਰਨ ਛੋਟੇ ਪਲਾਟਾਂ ਤੇ ਘਰਾਂ ਦੀ ਖਰੀਦ-ਵੇਚ ਰੁਕ ਗਈ ਹੈ। ਇਸ ਕਾਰਨ ਪੰਜਾਬ ਦੇ ਕਰੋੜਾਂ ਮੱਧਵਰਗੀ ਤੇ ਲੋੜਵੰਦ ਲੋਕ ਪ੍ਰਭਾਵਿਤ ਹੋ ਰਹੇ ਹਨ। ਸ੍ਰੀ ਗੜ੍ਹੀ ਨੇ ਕਿਹਾ ਕਿ ਨਾਜਾਇਜ਼ ਕਲੋਨੀਆਂ ਦੀ ਉਸਾਰੀ ’ਤੇ ਰੋਕ ਦੇ ਨਾਂ ’ਤੇ ਅੱਜ ਪੰਜਾਬ ਦੀਆਂ 20,000 ਕਲੋਨੀਆਂ ਵਿੱਚ ਵਸਦੇ ਲੱਖਾਂ ਲੋਕ ਆਪਣੇ ਫਲੈਟ ਤੇ ਪਲਾਟ ਖਰੀਦਣ ਜਾਂ ਵੇਚਣ ਤੋਂ ਅਸਮਰੱਥ ਹੋ ਗਏ ਹਨ। ਇਸੇ ਤਰ੍ਹਾਂ ਪਿੰਡਾਂ ਵਿੱਚ ਵੀ ਅੱਧੇ ਪਿੰਡਾਂ ਵਿੱਚ ਇਕ ਕਨਾਲ ਤੋਂ ਘੱਟ ਜ਼ਮੀਨ ਜਾਂ ਪਲਾਟ ’ਤੇ ਰਜਿਸਟਰੀ ਦੀ ਰੋਕ ਲੱਗੀ ਹੋਈ ਹੈ। ਸੂਬੇ ’ਚ ਲਾਲ ਲਕੀਰ ਦੀਆਂ ਰਜਿਸਟਰੀਆਂ ਵੀ ਬੰਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਇੱਟਾਂ, ਲੋਹਾ, ਸਰੀਆਂ, ਹਾਰਡਵੇਅਰ, ਲੱਕੜ, ਰੇਤਾ-ਸੀਮਿੰਟ, ਪਲੰਬਰ, ਬਿਜਲੀ ਆਦਿ ਦੇ ਵਪਾਰੀਆਂ ਦੇ ਨਾਲ-ਨਾਲ ਮਜ਼ਦੂਰ ਮਿਸਤਰੀ ਵਰਗ ਦਾ ਕੰਮ ਬੰਦ ਹੋ ਗਿਆ ਹੈ। ਇਸ ਮੌਕੇ ਆਮ ਆਦਮੀ ਘਰ ਬਚਾਓ ਮੋਰਚਾ ਦੇ ਸੂਬਾ ਕਨਵੀਨਰ ਹਰਮਿੰਦਰ ਸਿੰਘ ਮਾਵੀ ਤੇ ਕਾਨੂੰਨੀ ਸਲਾਹਕਾਰ ਦਰਸ਼ਨ ਸਿੰਘ ਧਾਰੀਵਾਲ ਨੇ ਕਿਹਾ ਕਿ ਉਹ ਪਿਛਲੇ 14 ਮਹੀਨਿਆਂ ਤੋਂ ਆਮ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਲੋਕ ਮਾਰੂ ਅਸਰਾਂ ਤੋਂ ਰਾਹਤ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਐੱਨਓਸੀ ਤੋਂ ਰਾਹਤ ਦਿੰਦੇ ਹੋਏ ਵੀਹ ਹਜ਼ਾਰ ਕਲੋਨੀਆਂ ਨੂੰ ਰੈਗੂਲਰ ਕਰ ਕੇ ਕਰੋੜਾਂ ਪੰਜਾਬੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ।