ਦਵਿੰਦਰ ਪਾਲ
ਚੰਡੀਗੜ੍ਹ, 23 ਮਾਰਚ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਸਮੇਤ ਸੂਬੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਇਕੱਠਾਂ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਸਾਮਰਾਜਵਾਦ, ਸਰਮਾਏਦਾਰੀ ਅਤੇ ਫ਼ਿਰਕਾਪ੍ਰਸਤੀ ਦੇ ਦੈਂਤ ਖ਼ਿਲਾਫ਼ ਮੁਹਿੰਮ ਛੇੜਨ ਦਾ ਸੱਦਾ ਦਿੱਤਾ ਗਿਆ।
ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਵਾ ਸੌ ਦੇ ਕਰੀਬ ਥਾਵਾਂ ’ਤੇ ਚੱਲ ਰਹੇ ਮੋਰਚਿਆਂ ਦੌਰਾਨ ਜਿੱਥੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ, ਉੱਥੇ ਹੀ ਹਜ਼ਾਰਾਂ ਨੌਜਵਾਨਾਂ ਨੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਰਚ ਕੱਢ ਕੇ ਸ਼ਹੀਦਾਂ ਦੀ ਸੋਚ ਵਾਲਾ ਸਮਾਜ ਸਿਰਜਣ ਦਾ ਸੱਦਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਸਾਨ ਆਗੂ ਪ੍ਰੇਮ ਸਿੰਘ ਭੰਗੂ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਦੇ ਜਵਾਨਾਂ ਨੇ ਹੁਸੈਨੀਵਾਲਾ, ਜੱਲ੍ਹਿਆਂਵਾਲਾ ਬਾਗ਼, ਖਟਕੜ ਕਲਾਂ, ਸਰਾਭਾ, ਸ਼ਹੀਦ ਊਧਮ ਸਿੰਘ ਵਾਲਾ ਸੁਨਾਮ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਦੀ ਧਰਤੀ ਦੀ ਮਿੱਟੀ ਲੈ ਕੇ ਧਰਨਿਆਂ ’ਚ ਸ਼ਿਰਕਤ ਕੀਤੀ ਤੇ ਮੋਰਚੇ ਦੀ ਜਿੱਤ ਤਕ ਡਟਣ ਦਾ ਪ੍ਰਣ ਕੀਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਦੇ 174 ਵੇਂ ਦਿਨ ਨੂੰ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਹਕੀਕੀ ਵਾਰਸ ਨੌਜਵਾਨਾਂ, ਕਿਸਾਨਾਂ ਨੇ ਅੱਜ ਦੀ ਸਟੇਜ ਬਾਖ਼ੂਬੀ ਸੰਭਾਲੀ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦੀ ਦਿਵਸ ਮੌਕੇ ਇਕੱਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸਾਮਾਰਜੀ ਵਿਰੋਧੀ ਜੰਗ, ਮਜ਼ਬੂਤ ਵਿਚਾਰਧਾਰਕ ਪੱਖ, ਨੌਜਵਾਨਾਂ ਨੂੰ ਭਗਤ ਸਿੰਘ ਦਾ ਸੁਨੇਹਾ, ਅਛੂਤ ਦਾ ਸਵਾਲ ਜਿਹੇ ਬੁਨਿਆਦੀ ਨੁਕਤਿਆਂ ਸਬੰਧੀ ਚਰਚਾ ਕਰਦਿਆਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਨੂੰ ਪ੍ਰੇਰਨਾ ਸ੍ਰੋਤ ਦੱਸਿਆ ਅਤੇ ਅਹਿਦ ਕੀਤਾ ਕਿ ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਹਰ ਕੁਰਬਾਨੀ ਦੇ ਕੇ ਜੰਗ ਜਾਰੀ ਰੱਖੀ ਜਾਵੇਗੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 26 ਮਾਰਚ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਤੇ ਜਥੇਬੰਦੀਆਂ ਵੱਲੋਂ ਰੇਲਾਂ ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਕੇਸਰੀ ਪੱਗਾਂ ਤੇ ਚੁੰਨੀਆਂ ਦਾ ਆਇਆ ਹੜ੍ਹ
ਬਰਨਾਲਾ (ਰਵਿੰਦਰ ਰਵੀ): ਇਥੋਂ ਦੇ ਰੇਲਵੇ ਸਟੇਸ਼ਨ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਏ ਗਏ ਧਰਨੇ ਦੇ 174ਵੇਂ ਦਿਨ ਅੱਜ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਬਸੰਤੀ ਰੰਗ ਦੀਆਂ ਚੁੰਨੀਆਂ, ਪੱਗਾਂ ਅਤੇ ਪੱਟੀਆਂ ਬੰਨ੍ਹ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਬਜ਼ੁਰਗ, ਨੌਜਵਾਨ ਅਤੇ ਬੱਚੇ ਮਾਰਚ ਕਰਦੇ ਹੋਏ ਰੇਲਵੇ ਸਟੇਸ਼ਨ ਅੱਗੇ ਧਰਨੇ ਵਾਲੀ ਜਗ੍ਹਾ ਪਹੁੰਚੇ। ਸ਼ਹੀਦੀ ਸਮਾਗਮ ਦੀ ਸ਼ੁਰੂਆਤ ਨਵਜੋਤ ਗੁਲਸ਼ਨ ਦੇ ਸ਼ਰਧਾਂਜਲੀ ਗੀਤ ਨਾਲ ਹੋਈ। ਇਸ ਦੌਰਾਨ ਕੁਲਦੀਪ ਸਿੰਘ ਧੌਲਾ, ਬਲਵਿੰਦਰ ਸਿੰਘ ਬਿੰਦੂ, ਹਰਸ਼ਦੀਪ ਸਿੰਘ, ਸ਼ਮਸ਼ੇਰ ਸਿੰਘ, ਜਸ਼ਨਪ੍ਰੀਤ ਸਿੰਘ, ਜਸਲੀਨ ਕੌਰ, ਕੇਵਲ ਸਿੰਘ, ਮਹੇਸ਼ ਧੋਲਾ, ਪਰਮਜੀਤ ਕੌਰ ਹਮੀਦੀ ਸਮੇਤ ਸਾਰੇ ਇਕੱਠ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਵਿਚਾਰਧਾਰਾ ’ਤੇ ਚੱਲਣ ਦਾ ਅਹਿਦ ਲਿਆ ਅੰਤ ਵਿੱਚ ਬਲਦੇਵ ਮੰਡੇਰ ਅਤੇ ਨਰਿੰਦਰਪਾਲ ਸਿੰਗਲਾ ਨੇ ਇਨਕਲਾਬੀ ਕਵਿਤਾਵਾਂ ਸੁਣਾਈਆਂ।
ਜਿਆਣੀ ਦੇ ਆਉਣ ਦੀ ਸੂਹ ਮਿਲਣ ’ਤੇ ਭਾਜਪਾ ਆਗੂ ਦਾ ਘਰ ਘੇਰਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਭਾਜਪਾ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਬੀਤੇ ਦਿਨ ਇੱਥੇ ਭਰਪੂਰ ਗਾਰਡਨ ਵਿੱਚ ਸਥਿਤ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਘਰ ਆਏ ਸਨ। ਭਾਵੇਂ ਉਹ ਦੁਪਹਿਰ ਵੇਲੇ ਹੀ ਚਲੇ ਗਏ ਸਨ, ਪਰ ਉਨ੍ਹਾਂ ਦੇ ਇੱਥੇ ਹੀ ਹੋਣ ਦੇ ਭੁਲੇਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਧਿਆਨ ਸਿਓਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਰਾਤ ਸਾਢੇ ਅੱਠ ਵਜੇ ਸ੍ਰੀ ਅਗਰਵਾਲ ਦਾ ਘਰ ਘੇਰ ਲਿਆ। ਇਸ ਦੌਰਾਨ ਸ੍ਰੀ ਜਿਆਣੀ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮਗਰੋਂ ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਸੁਰਜੀਤ ਜਿਆਣੀ ਇੱਥੇ ਆਏ ਜ਼ਰੂਰ ਸਨ ਪਰ ਉਹ ਚਲੇ ਗਏ ਹਨ। ਇਸ ’ਤੇ ਕਿਸਾਨਾਂ ਨੇ ਨੌਂ ਵਜੇ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ। ਭਾਜਪਾ ਆਗੂ ਭੁਪੇਸ਼ ਅਗਰਵਾਲ਼ ਨੇ ਕਿਹਾ ਕਿ ਲੋਕਤੰਤਰਿਕ ਢੰਗ ਨਾਲ਼ ਪ੍ਰਦਰਸ਼ਨ ਕਰਨਾ ਹਰੇਕ ਦਾ ਹੱਕ ਹੈ ਪਰ ਕਿਸੇ ਦੇ ਘਰ ਦਾ ਘਿਰਾਓ ਕਰਨਾ ਨਿੰਦਣਯੋਗ ਹੈ।