ਜਗਮੋਹਨ ਸਿੰਘ
ਘਨੌਲੀ, 9 ਅਪਰੈਲ
ਰੁਸਤਮ-ਏ-ਹਿੰਦ ਸਪੋਰਟਸ ਕਲੱਬ ਆਸਪੁਰ ਵੱਲੋਂ ਗਰਾਮ ਪੰਚਾਇਤ ਆਸਪੁਰ ਦੇ ਸਹਿਯੋਗ ਨਾਲ ਛੇਵਾਂ ਕਬੱਡੀ ਕੱਪ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਲਾਡੀ ਅਤੇ ਸਰਪੰਚ ਰਣਬੀਰ ਸਿੰਘ ਦੀ ਦੇਖ ਰੇਖ ਅਧੀਨ ਕਰਵਾਏ ਇਸ ਕਬੱਡੀ ਕੱਪ ਦੌਰਾਨ ਪੁਆਧ ਫੈੱਡਰੇਸ਼ਨ ਦੀਆਂ 16 ਟੀਮਾਂ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਲਗਪਗ 20 ਟੀਮਾਂ ਨੇ ਹਿੱਸਾ ਲਿਆ।
ਇਸ ਦੌਰਾਨ ਓਪਨ ਕਬੱਡੀ ਦੇ ਮੁਕਾਬਲਿਆਂ ਵਿੱਚ ਸੈਂਪਲੀ ਸਾਹਿਬ ਦੀ ਟੀਮ ਨੇ ਵਿਜ਼ਨਪੁਰ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। 55 ਕਿਲੋ ਵਜ਼ਨ ਵਿੱਚ ਮੰਦਵਾੜਾ ਦੀ ਟੀਮ ਆਸਪੁਰ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ ਜਦੋਂਕਿ 35 ਕਿਲੋ ਵਿੱਚ ਗੱਜਪੁਰ ਦੀ ਟੀਮ ਜੇਤੂ ਰਹੀ। ਰੱਸਾਕਸ਼ੀ ਦਾ ਫਾਈਨਲ ਮੁਕਾਬਲਾ ਸ਼ਾਹਪੁਰ ਦੀ ਟੀਮ ਨੇ ਜਿੱਤਿਆ। ਟੂਰਨਾਮੈਂਟ ਦੌਰਾਨ ਪੰਜਾਬ ਪੁਲੀਸ ਦੇ ਮੇਜਰ ਰਾਜਸਥਾਨੀ ਅਤੇ ਮਿਸ ਜੋਤੀ ਨੇ ਬੁਲੇਟ ਮੋਟਰਸਾਈਕਲ ’ਤੇ ਕਰਤੱਬ ਦਿਖਾਏ। ਟੂਰਨਾਮੇਂਟ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ, ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ‘ਆਪ’ ਆਗੂ ਜੁਝਾਰ ਸਿੰਘ ਬੈਂਸ, ਹਰਵਿੰਦਰ ਕੌਰ ਕੋਟਬਾਲਾ, ਤੇਜਾ ਸਿੰਘ ਸਰਪੰਚ ਸਰਸਾ ਨੰਗਲ, ਲੱਕੀ ਗੁੱਜਰ ਸਰਸਾ ਨੰਗਲ, ਸਾਬਕਾ ਸਰਪੰਚ ਗੁਰਮੀਤ ਸਿੰਘ ਆਸਪੁਰ ਆਦਿ ਹਾਜ਼ਰ ਸਨ।