ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਦਸੰਬਰ
ਸਿਹਤ ਵਿਭਾਗ ਵਲੋਂ ਇੰਗਲੈਂਡ ਤੋਂ ਆਏ ਅੱਠ ਕਰੋਨਾ ਪਾਜ਼ੇਟਿਵ ਯਾਤਰੀਆਂ ਦੇ ਖੂਨ ਦੇ ਨਮੂਨੇ ਪੁਣੇ ’ਚ ਵਿਸ਼ੇਸ਼ ਟੈਸਟ ਲਈ ਭੇਜੇ ਗਏ ਹਨ ਤਾਂ ਕਿ ਇਹ ਪਤਾ ਲਗ ਸਕੇ ਕਿ ਇਹ ਯਾਤਰੀ ਨਵੇਂ ਕਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹਨ ਜਾਂ ਨਹੀਂ। ਇੰਗਲੈਂਡ ’ਚ ਕਰੋਨਾ ਦਾ ਨਵਾਂ ਵਾਇਰਸ ਫੈਲਣ ਮਗਰੋਂ ਭਾਰਤ ਸਰਕਾਰ ਵਲੋਂ 21 ਦਸੰਬਰ ਤੋਂ ਬਰਤਾਨੀਆ ਤੋਂ ਆਉਣ ਵਾਲੀਆਂ ਉਡਾਣਾਂ ’ਤੇ 31 ਦਸੰਬਰ ਤਕ ਰੋਕ ਲਾਈ ਗਈ ਹੈ। ਇਸ ਤੋਂ ਪਹਿਲਾਂ ਹਫਤੇ ’ਚ ਦੋ ਉਡਾਣਾਂ ਇੰਗਲੈਂਡ ਤੋਂ ਆ ਰਹੀਆਂ ਸਨ। ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਵੀ ਕੇ ਸੇਠ ਨੇ ਦੱਸਿਆ ਕਿ ਪਿਛਲੇ ਮਹੀਨੇ 1550 ਯਾਤਰੀ ਇੰਗਲੈਂਡ ਤੋਂ ਆਏ ਹਨ। 21 ਦਸੰਬਰ ਨੂੰ ਲੰਡਨ ਤੋਂ ਆਏ 250 ਯਾਤਰੂਆਂ ਦਾ ਆਰਟੀਪੀਸੀਆਰ ਟੈਸਟ ਲਾਜ਼ਮੀ ਕੀਤਾ ਗਿਆ ਸੀ ਜਿਸ ਦਾ ਨਤੀਜਾ 7 ਤੋਂ 8 ਘੰਟੇ ’ਚ ਆਉਂਦਾ ਹੈ। ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਲੰਡਨ ਤੋਂ ਆਏ ਹਜ਼ਾਰ ਯਾਤਰੀਆਂ ਬਾਰੇ ਪਤਾ ਲਾਇਆ ਗਿਆ ਹੈ ਜੋ ਵੱਖ ਵੱਖ ਸੂਬਿਆਂ ਦੇ ਵਾਸੀ ਹਨ।