ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਫਰਵਰੀ
ਸੰਯੁਕਤ ਕਿਸਾਨ ਮੋਰਚਾ ਨੇ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਤੇ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮ ਦਿਨ ਨੂੰ ‘ਪਗੜੀ ਸੰਭਾਲ’ ਦਿਹਾੜੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਨੂੰ ਘੇਰਾ ਪਾਈ ਬੈਠੇ ਕਿਸਾਨਾਂ ਦੇ ਇਕੱਠਾਂ ਵਿਚ ‘ਪਗੜੀ ਸੰਭਾਲ ਜੱਟਾ’ ਗੀਤ ਖੂਬ ਗੂੰਜ ਰਿਹਾ ਹੈ। ਹਫਤਾਵਾਰੀ ‘ਝੰਗ ਸਿਆਲ’ ਦੇ ਸੰਪਾਦਕ ਬਾਂਕੇ ਦਿਆਲ ਵੱਲੋਂ ਲਿਖਿਆ ਇਹ ਗੀਤ ਬ੍ਰਿਟਿਸ਼ ਰਾਜ ਦੇ 1906 ਦੇ ਖੇਤੀ ਕਾਨੂੰਨਾਂ ਖਿਲਾਫ ਉੱਠੀ ਕਿਸਾਨ ਲਹਿਰ ਦਾ ਮੁਖੜਾ ਬਣ ਗਿਆ ਸੀ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਭਗਤ ਸਿੰਘ ਦੇ ਚਾਚਾ ਦੀ ਅਗਵਾਈ ਵਿਚ ਚੱਲੀ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਝਲਕਾਰਾ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਅਜੀਤ ਸਿੰਘ ਦੇ ਪੋਸਟਰ ਤੇ ਬੈਨਰ ਟਰੈਕਟਰਾਂ ’ਤੇ ਅਤੇ ਹਿੱਕਾਂ ’ਤੇ ਬੈਜ ਸਜਾ ਕੇ ਸ਼ਾਮਲ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਦੇ ਕਮੇਟੀ ਮੈਂਬਰ ਨੇ ਦੱਸਿਆ, ‘ਮੋਰਚੇ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਨਮਨ ਕੀਤਾ। ਸ਼ਿਵਾਜੀ ਮਹਾਰਾਜ ਇਕ ਮਹਾਨ ਯੋਧਾ ਅਤੇ ਕੁਸ਼ਲ ਰਣਨੀਤੀਕਾਰ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਦਾ ਸ਼ਾਸਨ ਅਤੇ ਪ੍ਰਸ਼ਾਸਨ ਹਮੇਸ਼ਾ ਲੋਕ ਹਿੱਤ ਵਿਚ ਰਿਹਾ ਹੈ।’ ਕਿਸਾਨ ਨੇਤਾਵਾਂ ਨੇ ਕਿਹਾ ਕਿ ਸ਼ਿਵਾਜੀ ਉਨ੍ਹਾਂ ਲਈ ਅਦਭੁੱਤ ਬਹਾਦਰੀ ਤੇ ਦਲੇਰੀ ਦਾ ਪ੍ਰਤੀਕ ਹਨ। ਉਨ੍ਹਾਂ ਮੱਧ-ਪ੍ਰਦੇਸ਼ ਦੇ ਖੇਤੀ ਮੰਤਰੀ ਕਮਲ ਪਟੇਲ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਖੇਤ ਵਿੱਚ ਤਿੰਨ ਵਿੱਚੋਂ ਦੋ ਦਲਿਤ ਭੈਣਾਂ ਦੀ ਭੇਤ-ਭਰੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਇਸ ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ।
ਗਣਤੰਤਰ ਦਿਵਸ ਹਿੰਸਾ ਪਿੱਛੇ ਸੂਹੀਆ ਤੰਤਰ ਦੀ ਨਾਕਾਮੀ ਨਹੀਂ: ਸ੍ਰੀਵਾਸਤਵ
ਨਵੀਂ ਦਿੱਲੀ: ਦਿੱਲੀ ਪੁਲੀਸ ਦੇ ਕਮਿਸ਼ਨਰ ਐੱਸ.ਐੱਨ.ਸ੍ਰੀਵਾਸਤਵ ਨੇ ਕਿਹਾ ਕਿ ਗਣਤੰਤਰ ਦਿਹਾੜੇ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਦਾ ਕਾਰਨ ਸੂਹੀਆ ਤੰਤਰ ਦੀ ਨਾਕਾਮੀ ਨਹੀਂ ਸੀ। ਸ੍ਰੀਵਾਸਤਵਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਟਰੈਕਟਰ ਪਰੇਡ ਲਈ ਪਹਿਲਾਂ ਤੋਂ ਨਿਰਧਾਰਿਤ ਰੂਟ ’ਤੇ ਨਾ ਜਾ ਕੇ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਖ਼ਦਸ਼ਾ ਸੀ ਕਿ ਕਿਸਾਨ ਆਪਣੇ ਨਿਰਧਾਰਿਤ ਰੂਟ ਤੋਂ ਭਟਕ ਸਕਦੇ ਹਨ ਤੇ ਇਹੀ ਵਜ੍ਹਾ ਹੈ ਕਿ ਸਬੰਧਤ ਥਾਵਾਂ ’ਤੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਹੋਈ ਹਿੰਸਾ ਮਾਮਲੇ ’ਚ ਹੁਣ ਤੱਕ 152 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੂਹੀਆ ਤੰਤਰ ਦੀ ਨਾਕਾਮੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀਵਾਸਤਵ ਨੇ ਕਿਹਾ, ‘ਸੂਹੀਆ ਤੰਤਰ ਨਾਕਾਮ ਨਹੀਂ ਹੋਇਆ। ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ। ਅਸੀਂ ਉਨ੍ਹਾਂ ਨੂੰ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਦਿੱਤੀ ਸੀ। ਕਰਾਰ ਤਹਿਤ ਕੁਝ ਸ਼ਰਤਾਂ ਤੇ ਨੇਮ ਰੱਖੇ ਸਨ ਤੇ ਟਰੈਕਟਰ ਪਰੇਡ ਲਈ ਕੁਝ ਰੂਟ ਨਿਰਧਾਰਿਤ ਕੀਤੇ ਗਏ ਸਨ, ਪਰ ਉਨ੍ਹਾਂ ਦਿੱਲੀ ਪੁਲੀਸ ਦੇ ਭਰੋਸੇ ਨੂੰ ਤੋੜਿਆ ਤੇ ਹਿੰਸਾ ਦਾ ਸਹਾਰਾ ਲਿਆ। ਪੁਲੀਸ ਨੇ ਆਪਣੇ ਫ਼ਰਜ਼ ਨੂੰ ਬਾਖੂਬੀ ਅੰਜਾਮ ਦਿੱਤਾ।’ -ਪੀਟੀਆਈ