ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 29 ਜਨਵਰੀ
2012 ਵਿੱਚ ਹੋਈ ਹਲਕਾਬੰਦੀ ਦੌਰਾਨ ਸਨੌਰ ਵਿੱਚ ਤਬਦੀਲ ਹੋਇਆ ਹਲਕਾ ਡਕਾਲਾ ਆਪਣੇ ਅੰਦਰ ਕਈ ਅਹਿਮ ਪੱਖ ਛੁਪਾਈ ਬੈਠਾ ਹੈ। ਪੰਜਾਬੀ ਸੂਬਾ ਬਣਨ ਮਗਰੋਂ ਹੁਣ ਤੱਕ ਇਸ ਹਲਕੇ ਵਿੱਚ ਕਾਂਗਰਸੀ ਤੇ ਅਕਾਲੀ ਉਮੀਦਵਾਰ ਸੱਤ-ਸੱਤ ਵਾਰ ਚੋਣਾਂ ਜਿੱਤ ਕੇ ਬਰਾਬਰ ’ਤੇ ਚੱਲ ਰਹੇ ਹਨ। ਇੱਥੋਂ ਕਈ ਨਾਮਵਰ ਆਗੂਆਂ ਅਤੇ ਪਰਿਵਾਰਾਂ ਨੇ ਚੋਣਾਂ ਲੜੀਆਂ ਹਨ। ਇਸ ਹਲਕੇ ਨੇ ਪਟਿਆਲਾ ਰਿਆਸਤ ਦੇ ਮਹਾਰਾਜੇ ਨੂੰ ਵਿਧਾਇਕ ਵੀ ਬਣਾਇਆ। ਤਿੰਨ ਵਿਧਾਇਕਾਂ ਨੂੰ ਵਜ਼ੀਰੀਆਂ ਵੀ ਬਖ਼ਸ਼ੀਆਂ। ਦੋ ਜ਼ਿਮਨੀ ਚੋਣਾਂ ਹੋਈਆਂ। ਹਾਰਾਂ ਝੱਲਣ ਵਾਲਿਆਂ ’ਚ ਵੀ ਸ਼ਾਹੀ ਘਰਾਣਾ ਤੇ ਨਵਜੋਤ ਸਿੱਧੂ ਦਾ ਪਰਿਵਾਰ ਸ਼ਾਮਲ ਹਨ। ਲਾਲ ਸਿੰਘ ਸਭ ਤੋਂ ਵੱਧ (ਅੱਠ) ਵਾਰ ਚੋਣਾਂ ਲੜੇ ਤੇ ਛੇ ਵਾਰ ਜਿੱਤੇ। ਐਤਕੀਂ ਵੇਖਣਾ ਹੋਵੇਗਾ ਕਿ ਮੌਜੂਦਾ ਵਿਧਾਇਕ ਨੂੰ ਰਿਕਾਰਡ ਤੋੜਨ ਦਾ ਮੌਕਾ ਮਿਲਦਾ ਹੈ ਜਾਂ ਨਹੀਂ।
1967 ’ਚ ਮਹਾਰਾਜਾ ਯਾਦਵਿੰਦਰ ਸਿੰਘ ਇੱਥੋਂ ਪਲੇਠੇ ਵਿਧਾਇਕ ਬਣੇ। ਉਦੋਂ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵੀ ਸਨ, ਪਰ ਸਰਕਾਰ ਅਕਾਲੀਆਂ ਦੀ ਬਣੀ ਤੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ। ਦੋ ਸਾਲਾਂ ਮਗਰੋਂ 1969 ’ਚ ਅਕਾਲੀ ਉਮੀਦਵਾਰ ਬਸੰਤ ਸਿੰਘ ਵਿਧਾਇਕ ਬਣੇ, ਪਰ ਨਕਸਲੀ ਲਹਿਰ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 1970 ’ਚ ਜ਼ਿਮਨੀ ਚੋਣ ਹੋਈ ਜੋ ਉਨ੍ਹਾਂ ਦੀ ਪਤਨੀ ਮਹਿੰਦਰਪਾਲ ਕੌਰ ਜਿੱਤੀ। ਕੈਪਟਨ ਅਮਰਿੰਦਰ ਸਿੰਘ ਵੀ ਇਸੇ ਚੋਣ ਦੌਰਾਨ ਪਹਿਲੀ ਵਾਰ ਖੜ੍ਹੇ ਹੋਏ ਸਨ, ਪਰ ਤੀਜੇ ਨੰਬਰ ’ਤੇ ਰਹੇ।
1972 ’ਚ ਅਕਾਲੀ ਉਮੀਦਵਾਰ ਜਸਦੇਵ ਸਿੰਘ ਸੰਧੂ ਨੇ ਨਵਜੋਤ ਸਿੱਧੂ ਦੇ ਮਾਤਾ ਨਿਰਮਲਾ ਭਗਵੰਤ ਸਿੰਘ ਨੂੰ ਹਰਾਇਆ। ਪਰ ਅਦਾਲਤ ’ਚ ਪਟੀਸ਼ਨ ਪੈਣ ਮਗਰੋਂ ਚੋਣ ਰੱਦ ਹੋਈ ਤੇ 1975 ’ਚ ਜ਼ਿਮਨੀ ਚੋਣ ਦੌਰਾਨ ਸ੍ਰੀ ਸੰਧੂ ਦੀ ਪਤਨੀ ਜਸਦੇਵ ਕੌਰ ਸੰਧੂ ਨੇ ਜਿੱਤ ਹਾਸਲ ਕੀਤੀ।
1977 ’ਚ ਆਪਣੀ ਪਲੇਠੀ ਚੋਣ ਦੌਰਾਨ ਕਾਂਗਰਸ ਉਮੀਦਵਾਰ ਵਜੋਂ ਲਾਲ ਸਿੰਘ ਨੇ ਜਿੱਤ ਪ੍ਰਾਪਤ ਕੀਤੀ। 1980 ’ਚ ਵੀ ਲਾਲ ਸਿੰਘ ਨੇ ਬਾਜ਼ੀ ਮਾਰੀ, ਪਰ 1985 ’ਚ ਯੂਥ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਵਜੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਨ੍ਹਾਂ ਨੂੰ ਹਰਾ ਦਿੱਤਾ। 1992 ’ਚ ਅਕਾਲੀਆਂ ਦੇ ਬਾਈਕਾਟ ਦੌਰਾਨ ਲਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੌਥੀ ਵਾਰ ਜਿੱਤ ਹਾਸਲ ਕੀਤੀ, ਪਰ 1997 ’ਚ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਟੌਹੜਾ ਨੇ ਮਾਤ ਦਿੱਤੀ। 2002 ’ਚ ਲਾਲ ਸਿੰਘ ਮੁੜ ਕਾਬਜ਼ ਹੋਏ ਤੇ 2007 ’ਚ ਵੀ ਲਾਲ ਸਿੰਘ ਨੇ ਹਰਮੇਲ ਟੌਹੜਾ ਨੂੰ ਹਰਾਇਆ।
ਹਲਕਾਬੰਦੀ ਦੌਰਾਨ ਡਕਾਲ਼ਾ ਦਾ ਨਾਮ ਸਨੌਰ ਰੱਖਣ ਮਗਰੋਂ 2012 ‘ਚ ਹੋਈ ਪਹਿਲੀ ਚੋਣ ਵੀ ਲਾਲ਼ ਸਿੰਘ ਨੇ ਹੀ ਜਿੱਤੀ। ਇਥੇ ਉਨ੍ਹਾਂ ਵਿਧਾਇਕ ਰਹੇ ਸੰਧੂ ਜੋੜੇ ਦੇ ਸਪੂਤ ਤੇਜਿੰਦਰਪਾਲ ਸੰਧੂ ਨੂੰ 3907 ਵੋਟਾਂ ਨਾਲ਼ ਹਰਾਇਆ। 2017 ’ਚ ਆਪਣੇ ਫਰਜ਼ੰਦ ਕਾਕਾ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦਿਵਾਉਣ ਕਰਕੇ ਲਾਲ ਸਿੰਘ ’ਤੇ ‘ਇੱਕ ਪਰਿਵਾਰ-ਇੱਕ ਟਿਕਟ’ ਦਾ ਫਾਰਮੂਲਾ ਭਾਰੂ ਪੈ ਗਿਆ। ਇਸ ਮੌਕੇ ਸਨੌਰ ਤੋਂ ਪ੍ਰੋ. ਚੰਦੂਮਾਜਰਾ ਦੇ ਫਰਜ਼ੰਦ ਹਰਿੰਦਰਪਾਲ ਚੰਦੂਮਾਜਰਾ ਨੇ ਜਿੱਤ ਹਾਸਲ ਕੀਤੀ। ਐਤਕੀਂ ਵੀ ਇਹ ਦੋਵੇਂ ਮੈਦਾਨ ਵਿੱਚ ਹਨ। 2017 ’ਚ ਮਰਹੂਮ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਨੇ ਵੀ ‘ਆਪ’ ਉਮੀਦਵਾਰ ਵਜੋਂ ਚੋਣ ਲੜੀ ਸੀ।