ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਫਰਵਰੀ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਅੱਜ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਸਿੱਧੂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਨੂੰ ਡਰਾਮਾ ਕਰਾਰ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਕਸ਼ਿਤ ਨੇ ਦੋਸ਼ ਲਾਇਆ ਕਿ ‘ਆਪ’ ਦਾ ਦਿੱਲੀ ਮਾਡਲ ਪੰਜਾਬ ਲਈ ਠੀਕ ਨਹੀਂ ਹੈ। ਇਹ ਮਾਡਲ ਦਿੱਲੀ ਵਿੱਚ ਹੀ ਠੀਕ ਨਹੀਂ ਤਾਂ ਇਹ ਪੰਜਾਬ ਵਿਚ ਕਿਵੇਂ ਠੀਕ ਹੋ ਸਕਦਾ ਹੈ। ਮਰਹੂਮ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਅਧਿਕਾਰ ਤਹਿਤ ਦਿੱਲੀ ਮਾਡਲ ਦੇ ਦਾਅਵਿਆਂ ਬਾਰੇ ਵੱਡੇ ਪੱਧਰ ’ਤੇ ਜਾਣਕਾਰੀ ਇਕੱਠੀ ਕੀਤੀ ਹੈ, ਜਿਸ ਵਿਚ ‘ਆਪ’ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਪਹਿਲਾਂ ਜੋ ਕਾਂਗਰਸ ਸਰਕਾਰ ਵੱਲੋਂ ਵਿਕਾਸ ਕੀਤਾ ਗਿਆ ਸੀ, ਉਸੇ ਨੂੰ ਆਧਾਰ ਬਣਾ ਕੇ ਹੀ ‘ਆਪ’ ਵਿਕਾਸ ਦੇ ਦਾਅਵੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਇਹ ਦਿੱਲੀ ਮਾਡਲ ਸਿਰਫ ਡਰਾਮਾ ਹੈ, ਜੋ ਹੋਰ ਕਿਸੇ ਸੂਬੇ ਲਈ ਠੀਕ ਨਹੀਂ। ਪੰਜਾਬ ਲਈ ਸਿਰਫ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਹੀ ਸਹੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਉਹ ਭਵਿੱਖ ਵਿਚ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਸਿੱਧੂ ਪੰਜਾਬ ਦੇ ਵਿਕਾਸ ਲਈ ਅਤੇ ਪੰਜਾਬੀਆਂ ਲਈ ਸੁਹਿਰਦ ਹਨ।
ਸਮੁੱਚੀ ਪੰਜਾਬ ਕਾਂਗਰਸ ਇਕਜੁੱਟ: ਨਵਜੋਤ ਸਿੱਧੂ
ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਵਿਚ ਚੱਲ ਰਹੀ ਅੰਦਰੂਨੀ ਕਸ਼ਮਕਸ਼ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਸਮੁੱਚੀ ਕਾਂਗਰਸ ਇਕਜੁੱਟ ਹੈ। ਹਰ ਆਗੂ ਹਾਈ ਕਮਾਂਡ ਦੇ ਹੁਕਮ ਮੰਨ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੰਜਾਬ ਮਾਡਲ ਹੀ ਪੰਜਾਬ ਨੂੰ ਸੰਕਟ ’ਚੋਂ ਕੱਢ ਸਕਦਾ ਹੈ।