ਸੰਗਰੂਰ: ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀਂ ਸਭਾ ਦੇ ਐਕਟਿੰਗ ਪ੍ਰਧਾਨ ਵਜੋਂ ਕੰਮ ਕਰਨਗੇ। ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਰਹਿਣ ਕਾਰਨ ਉਹ ਸਥਾਨਕ ਸਾਹਿਤਕ ਸਮਾਗਮਾਂ ਤੋਂ ਬਿਨਾਂ ਹੋਰ ਬਾਹਰਲੀਆਂ ਸਾਹਿਤ ਸਭਾਵਾਂ ਦੇ ਸਮਾਗਮਾਂ ਵਿੱਚ ਨਹੀਂ ਜਾ ਸਕਦੇ। ਡਾ. ਮਾਨ ਨੇ ਕਿਹਾ ਕਿ 25 ਸਤੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਦੀਆਂ ਤਿਆਰੀਆਂ ਦੀ ਦੇਖ ਰੇਖ ਵੀ ਪ੍ਰੋ. ਸੰਧੂ ਹੀ ਕਰਨਗੇ, ਇਸ ਲਈ ਸਭਾਵਾਂ ਸਿੱਧਾ ਪ੍ਰੋ. ਸੰਧੂ ਨਾਲ ਹੀ ਸੰਪਰਕ ਕਰ ਸਕਦੀਆਂ ਹਨ। -ਪੱਤਰ ਪ੍ਰੇਰਕ