ਪਾਲ ਸਿੰਘ ਨੌਲੀ
ਜਲੰਧਰ, 13 ਫਰਵਰੀ
ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਅੱਜ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਦੀ ਅਗਵਾਈ ਹੇਠ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ‘ਬੇਗਮਪੁਰਾ ਐਕਸਪ੍ਰੈਸ’ ਬਨਾਰਸ ਲਈ ਰਵਾਨਾ ਹੋਈ। ਇਸ ਵਿਸ਼ੇਸ਼ ਰੇਲ ਗੱਡੀ ਨੂੰ ਰਵਾਨਾ ਕਰਨ ਮੌਕੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ। ਇਸ ਗੱਡੀ ਦੇ 23 ਡੱਬਿਆਂ ਵਿਚ ਹਜ਼ਾਰਾਂ ਸ਼ਰਧਾਲੂ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਲਈ ਰਵਾਨਾ ਹੋਏ। ਇੱਕ ਹੋਰ ਵਿਸ਼ੇਸ਼ ਰੇਲ ਗੱਡੀ ਸੋਮਵਾਰ ਨੂੰ ਇੱਥੋਂ ਰਵਾਨਾ ਹੋਵੇਗੀ। ਇਸ ਗੱਡੀ ਦੀ ਬੂਕਿੰਗ 48 ਲੱਖ ਰੁਪਏ ਵਿਚ ਕੀਤੀ ਗਈ ਸੀ ਤੇ ਸੋਮਵਾਰ ਨੂੰ ਰਵਾਨਾ ਹੋਣ ਵਾਲੀ ਗੱਡੀ ਦੀ ਬੁਕਿੰਗ 41 ਲੱਖ ਦੀ ਕੀਤੀ ਗਈ ਹੈ। ਗੱਡੀ ਰਵਾਨਾ ਕਰਨ ਅਤੇ ਸੰਤ ਨਿਰੰਜਣ ਦਾਸ ਦਾ ਆਸ਼ੀਰਵਾਦ ਲੈਣ ਲਈ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਤੇ ਸਰਬਜੀਤ ਸਿੰਘ ਮੱਕੜ , ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ, ਪਰਗਟ ਸਿੰਘ ਦੀ ਪਤਨੀ ਅਤੇ ਹੋਰ ਆਗੂ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਪਹਿਲਾਂ 14 ਫਰਵਰੀ ਨੂੰ ਪੈਣੀਆਂ ਸਨ ਪਰ 16 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼ਰਧਾਲੂਆਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸਿਆਸੀ ਪਾਰਟੀ ਵੱਲੋਂ ਕੀਤੀ ਗਈ ਅਪੀਲ ਕਰਕੇ ਚੋਣਾਂ 20 ਫਰਵਰੀ ਨੂੰ ਕਰ ਦਿੱਤੀਆਂ ਗਈਆਂ।