ਜਗਮੋਹਨ ਸਿੰਘ
ਘਨੌਲੀ, 22 ਦਸੰਬਰ
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਆਪਣੇ ਪਰਿਵਾਰ ਤੋਂ ਵਿਛੜਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਿੰਡ ਕੋਟਬਾਲਾ ਅਤੇ ਨੇੜਲੇ ਪਿੰਡਾਂ ਦੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਤੱਕ ਪੈਦਲ ਸਫਰ-ਏ-ਸ਼ਹਾਦਤ ਮਾਰਚ ਕੱਢਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਦੇਖ ਰੇਖ ਅਧੀਨ ਕੱਢਿਆ ਗਿਆ ਇਹ ਪੈਦਲ ਮਾਰਚ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਵਿਖੇ ਸਮਾਪਤ ਹੋਇਆ। ਇਸ ਤੋਂ ਪਹਿਲਾਂ ਬੀਤੀ ਰਾਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਢਾਡੀ ਅਤੇ ਕੀਰਤਨ ਦਰਬਾਰ ਸਜਾਇਆ ਗਿਆ। ਪੈਦਲ ਮਾਰਚ ਵਿੱਚ ਵੱਡੀ ਗਿਣਤੀ ਸੰਗਤ ਵੈਰਾਗਮਈ ਸ਼ਬਦ ਗਾਇਨ ਕਰਦੀ ਹੋਈ ਪਾਲਕੀ ਸਾਹਿਬ ਦੇ ਪਿੱਛੇ ਚੱਲ ਕੇ ਸਰਸਾ ਨਦੀ ਦੇ ਠੰਢੇ ਪਾਣੀ ਨੂੰ ਪਾਰ ਕਰਨ ਉਪਰੰਤ ਕੁੰਮਾ ਮਾਸ਼ਕੀ ਪੁੱਜੀ। ਇਸ ਪੈਦਲ ਮਾਰਚ ਵਿੱਚ ਸੰਤ ਅਗਤਾਰ ਸਿੰਘ ਤੇ ਕਥਾਵਾਚਕ ਸੁਖਵਿੰਦਰ ਸਿੰਘ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸ਼ਾਮਲ ਸਨ।
ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਵਿਛੋੜੇ ਦੀ ਯਾਦ ਨੂੰ ਤਾਜ਼ਾ ਕਰਨ ਲਈ ਬੀਤੀ ਰਾਤ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਦੀ ਦੇਖ ਰੇਖ ਅਧੀਨ ਪਹਿਲਾ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਗਿਆ। ਸੰਤ ਅਵਤਾਰ ਸਿੰਘ ਤੇ ਇੱਕ ਛੋਟੀ ਬੱਚੀ ਕਰਮਨਪ੍ਰੀਤ ਕੌਰ ਨੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਕਈ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ।
ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦਾ ਸੱਦਾ
ਚਮਕੌਰ ਸਾਹਿਬ (ਸੰਜੀਵ ਬੱਬੀ): ਸਾਬਕਾ ਸਪੀਕਰ ਰਵੀਇੰਦਰ ਸਿੰਘ ਅਤੇ ਪ੍ਰਧਾਨ ਅਕਾਲੀ ਦਲ (1920) ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਖਾਲਸੇ ਦਾ ਮਾਣ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਗਿਣਤੀ ਦੇ ਚਾਲੀ ਯੋਧੇ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਨਾਲ ਇਤਿਹਾਸ ਦੀ ਉਹ ਜੰਗ ਲੜੀ ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਉਨ੍ਹਾਂ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਖਾਲਸਾ ਸਕੂਲ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪੋਹ ਦੀ ਕਹਿਰ ਵਾਲੀ ਠੰਢ ਵਿੱਚ ਜਦੋਂ ਇਹ ਸਿੰਘ ਵਰ੍ਹਦੇ ਮੀਂਹ ਵਿੱਚ ਚਮਕੌਰ ਸਾਹਿਬ ਪਹੁੰਚੇ ਸਨ ਤਾਂ ਦਸ ਲੱਖ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਪਰ ਇਹ ਸਿੰਘ ਬਹਾਦਰੀ ਨਾਲ ਲੜੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਸਿੱਖੀ ਸਰੂਪ ਤੋਂ ਬੇਮੁੱਖ ਹੋਣ ਵਾਲੇ ਨੌਜਵਾਨਾਂ ਨੂੰ ਇਸ ਤੋਂ ਸਬਕ ਲੈਂਦੇ ਹੋਏ ਬਾਣੀ ਅਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਅਤੇ ਧਾਰਮਿਕ ਆਗੂਆਂ ਵੱਲੋਂ ਚਮਕੌਰ ਦੀ ਗੜ੍ਹੀ ਤੋਂ ਸ਼ਹੀਦਾਂ ਦੀ ਸੋਚ ਅਤੇ ਕਰਨੀ ’ਤੇ ਪਹਿਰਾ ਦੇਣਾ ਹੀ ਅਸਲ ਸ਼ਰਧਾਂਜਲੀ ਹੈ। ਉਨ੍ਹਾਂ ਦੀ ਪਾਰਟੀ ਜਦੋਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਹੋਣਗੀਆਂ ਤਾਂ ਉਹ ਸਾਰੀਆਂ ਹੀ ਸੀਟਾਂ ’ਤੇ ਚੋਣ ਲੜਨਗੇ ਅਤੇ ਕਿਸੇ ਨਾਲ ਸਮਝੌਤਾ ਨਹੀਂ ਕਰਨਗੇ।