ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਹਰ ਵਰਗ ਦੇ ਲੋਕਾਂ ਨੂੰ ਭਲਕੇ 18 ਅਕਤੂਬਰ ਨੂੰ ਰੇਲ ਰੋਕੇ ਅੰਦੋਲਨ ਵਿਚ ਵਹੀਰਾਂ ਘੱਤ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ, ਤਾਂ ਜੋ ਲਖੀਮਪੁਰ ਖੀਰੀ ਦੀ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ। ਭਲਕੇ 18 ਅਕਤੂਬਰ ਨੂੰ ਭਾਕਿਯੂ ਏਕਤਾ ਉਗਰਾਹਾਂ ਵਲੋਂ ਧੂਰੀ ਅਤੇ ਸੁਨਾਮ ਵਿਖੇ ਰੇਲਾਂ ਰੋਕੀਆਂ ਜਾਣਗੀਆਂ, ਜਦੋਂ ਕਿ ਵੱਖ-ਵੱਖ ਜਥੇਬੰਦੀਆਂ ਵਲੋਂ ਸੰਗਰੂਰ ਰੇਲਵੇ ਸਟੇਸ਼ਨ ’ਤੇ ਰੇਲਵੇ ਲਾਈਨ ਉਪਰ ਰੇਲਾਂ ਰੋਕਣ ਲਈ ਰੋਸ ਧਰਨਾ ਦਿੱਤਾ ਜਾਵੇਗਾ।
ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਜਥੇਬੰਦੀ ਵਲੋਂ ਜ਼ਿਲ੍ਹੇ ਵਿਚ ਦੋ ਥਾਵਾਂ ’ਤੇ ਰੇਲਾਂ ਰੋਕਦਿਆਂ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੋਸ ਧਰਨੇ ਦਿੱਤੇ ਜਾਣਗੇ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਲਹਿਰਾਗਾਗਾ, ਸੁਨਾਮ ਅਤੇ ਦਿੜਬਾ ਦੇ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ਸੁਨਾਮ ਵਿਖੇ ਰੇਲਵੇ ਲਾਈਨ ’ਤੇ ਰੋਸ ਧਰਨਾ ਦਿੰਦਿਆਂ ਰੇਲਾਂ ਰੋਕੀਆਂ ਜਾਣਗੀਆਂ ਜਦੋਂ ਕਿ ਬਲਾਕ ਸੰਗਰੂਰ, ਭਵਾਨੀਗੜ੍ਹ ਅਤੇ ਧੂਰੀ ਵਲੋਂ ਰੇਲਵੇ ਸਟੇਸ਼ਨ ਧੂਰੀ ਵਿਖੇ ਰੇਲਾਂ ਰੋਕਣ ਲਈ ਰੇਲਵੇ ਲਾਈਨ ’ਤੇ ਧਰਨਾ ਦਿੱਤਾ ਜਾਵੇਗਾ। ਉਧਰ ਸਥਾਨਕ ਰੇਲਵੇ ਸਟੇਸ਼ਨ ’ਤੇ ਪੱਕੇ ਰੋਸ ਧਰਨੇ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਗਰੂਰ ਰੇਲਵੇ ਸਟੇਸ਼ਨ ’ਤੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ ਨੇ ਦੱਸਿਆ ਕਿ ਸਵੇਰੇ 10 ਤੋਂ ਸ਼ਾਮ 4 ਵਜ਼ੇ ਤੱਕ ਕਿਸਾਨ ਰੇਲਵੇ ਲਾਈਨ ’ਤੇ ਡਟੇ ਰਹਿਣਗੇ।