ਬੀਰਬਲ ਰਿਸ਼ੀ
ਸ਼ੇਰਪੁਰ, 11 ਅਪਰੈਲ
ਪਿੰਡ ਰਣੀਕੇ ਦੀ ਨਹਿਰ ਵਿੱਚੋਂ ਅੱਜ ਨੌਜਵਾਨ ਤੇ ਵਿਆਹੁਤਾ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਦੋਵਾਂ ਦੇ ਹੱਥ ਇੱਕ-ਦੂਜੇ ਨਾਲ ਬੰਨ੍ਹੇ ਹੋਏ ਸਨ। ਹਾਲ ਦੀ ਘੜੀ ਦੋਵਾਂ ਦਾ ਸਬੰਧ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਰੁੱਖਾਂ ਨਾਲ ਦੱਸਿਆ ਜਾ ਰਿਹਾ ਹੈ। ਰਣੀਕੇ ਚੌਕੀ ਦੇ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਸ਼ਨਾਖਤ ਪਿੰਡ ਬਡਰੁੱਖਾਂ ਦੇ ਪਰਮਿੰਦਰ ਸਿੰਘ ਕਾਲਾ ਅਤੇ ਇਸੇ ਪਿੰਡ ਦੀ ਨੂੰਹ ਵੀਰਪਾਲ ਕੌਰ ਵਜੋਂ ਹੋਈ ਹੈ। ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ। ਉਂਜ ਲੜਕੇ ਦੀ ਭੈਣ ਤੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਪੁਲੀਸ ਹਾਲ ਦੀ ਘੜੀ 174 ਤਹਿਤ ਕਾਰਵਾਈ ਕੀਤੀ ਗਈ ਹੈ। ਪਿੰਡ ਬਡਰੁੱਖਾਂ ਦੇ ਸਰਪੰਚ ਕੁਲਜੀਤ ਸਿੰਘ ਨੇ ਦੱਸਿਆ ਕਿ ਲੜਕਾ ਪਿੰਡ ਬਡਰੁੱਖਾਂ ਦਾ ਦੋਹਤਾ ਸੀ ਅਤੇ ਲੜਕੀ ਨੂੰਹ ਹੈ। ਲੜਕੀ ਆਪਣੇ ਪੇਕੇ ਘਰ ਗਈ ਹੋਈ, ਜਿਥੋਂ ਉਹ ਬਗ਼ੈਰ ਦੱਸੇ ਕੁੱਝ ਦਿਨ ਪਹਿਲਾਂ ਘਰੋਂ ਚਲੀ ਗਈ ਸੀ।