ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੂਨ
ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਆਖ਼ਰੀ ਦਿਨ ਤਿੰਨ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਇਥੇ ਚੋਣ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਪੁੱਜ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਨ੍ਹਾਂ ਵਿੱਚ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਉਮੀਦਵਾਰ ਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ, ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਸ਼ਾਮਲ ਹਨ।
ਕਮਲਦੀਪ ਕੌਰ ਦੇ ਕਾਗ਼ਜ਼ ਭਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਪਾਰਟੀ ਆਗੂ ਪੁੱਜੇ ਸਨ। ਭਾਜਪਾ ਉਮੀਦਵਾਰ ਕੇਵਲ ਢਿੱਲੋਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਆਗੂ ਸੁਨੀਲ ਜਾਖੜ, ਬਲਵੀਰ ਸਿੰਘ ਸਿੱਧੂ, ਪਰਮਿੰਦਰ ਸਿੰਘ ਢੀਂਡਸਾ ਆਦਿ ਪੁੱਜੇ ਸਨ। ਕਾਂਗਰਸੀ ਉਮੀਦਵਾਰ ਦਲਵੀਰ ਗਿੱਲ ਗੋਲਡੀ ਦੇ ਕਾਗ਼ਜ਼ ਭਰਾਉਣ ਲਈ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੈਇੰਦਰ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਆਦਿ ਆਗੂ ਮੌਜੂਦ ਸਨ।