ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੂਨ
ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਅੰਤਰਰਾਜੀ ਏਟੀਐੱਮ ਕਾਰਡ ਠੱਗ ਗਰੋਹ ਦਾ ਪਰਦਾਫਾਸ਼ ਕਰਦਿਆਂ ਏਟੀਐੱਮ ਕਾਰਡ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਹਰਿਆਣਾ ਸਟੇਟ ਦੇ 2 ਲੁਟੇਰੇ, ਜਾਅਲੀ ਨੰਬਰ ਵਾਲੀ ਆਈ-10 ਕਾਰ ਅਤੇ ਵੱਖ-ਵੱਖ ਬੈਂਕਾਂ ਦੇ 58 ਏਟੀਐੱਮ ਕਾਰਡ ਸਮੇਤ 23600 ਰੁਪਏ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਲੁਟੇਰੇ ਸੁਨਾਮ ਸ਼ਹਿਰ ਤੋਂ ਇਲਾਵਾ ਲਹਿਰਾ, ਸੰਗਰੂਰ, ਧੂਰੀ, ਲੁਧਿਆਣਾ, ਰਾਏਕੋਟ, ਪਟਿਆਲਾ, ਮੁਹਾਲੀ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਅਤੇ ਹਰਿਆਣਾ ਸਟੇਟ ਵਿਚ ਕਰੀਬ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਹਿਰ ਸੁਨਾਮ ਵਿਖੇ ਮੁਖ਼ਬਰੀ ਮਿਲਣ ’ਤੇ ਏਟੀਐੱਮ ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਤਫਤੀਸ਼ ਸਾਈਬਰ ਸੈੱਲ ਦੀ ਸਹਾਇਤਾ ਨਾਲ ਦੋ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਅਮਨਦੀਪ ਸਿੰਘ ਵਾਸੀ ਕਾਪਰੋਂ ਥਾਣਾ ਖੇੜੀ ਚੌਂਕੜਾ ਜ਼ਿਲ੍ਹਾ ਹਿਸਾਰ (ਹਰਿਆਣਾ) ਅਤੇ ਰਾਜਵੀਰ ਉਰਫ਼ ਪੱਪੂ ਵਾਸੀ ਨੇੜੇ ਐੱਮਡੀਐੱਨ ਸਕੂਲ ਕਲਾਇਤ ਥਾਣਾ ਕੈਥਲ (ਹਰਿਆਣਾ) ਨੂੰ ਆਈ-10 ਜਾਅਲੀ ਨੰਬਰ ਦੀ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 58 ਏਟੀਐੱਮ ਕਾਰਡ ਅਤੇ 23600 ਰੁਪਏ ਨਕਦੀ ਬਰਾਮਦ ਕੀਤੇ ਗਏ। ਲੁਟੇਰਾ ਗਰੋਹ ਦੇ 2 ਮੈਂਬਰਾਂ ਸੁਨੀਲ ਵਾਸੀ ਸਰਕਾਰੀ ਹਸਪਤਾਲ ਹਿਸਾਰ (ਹਰਿਆਣਾ) ਅਤੇ ਅਮਰ ਦਾਸ ਵਾਸੀ ਵਾਰਡ ਨੰਬਰ 13 ਬਰਵਾਲਾ ਜ਼ਿਲ੍ਹਾ ਹਿਸਾਰ (ਹਰਿਆਣਾ) ਦੀ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਹੀ ਹੈਡਕੁਆਰਟਰ ’ਤੇ ਸਾਈਬਰ ਸੈੱਲ ਸੰਗਰੂਰ ਨੂੰ ਪੁਨਰਗਠਿਤ ਕਰਕੇ ਡੀਐਸਪੀ ਡੀ ਦੀ ਸੁਪਰਵੀਜ਼ਨ ਦੋ ਟੀਮਾਂ ਬਣਾਈਆਂ ਸਨ, ਜਿਨ੍ਹਾਂ ਦੇ ਇੰਚਾਰਜ ਐੱਸਆਈ ਅਮਨਦੀਪ ਕੌਰ ਅਤੇ ਐੱਸਆਈ ਕਮਲਜੀਤ ਕੌਰ ਨੂੰ ਲਗਾਇਆ ਸੀ। ਉਨ੍ਹਾਂ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਗਿਆ ਹੈ ਸਿੱਟੇ ਵਜੋਂ ਹੀ ਏਟੀਐੱਮ ਕਾਰਡ ਚੋਰ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਲੁਟੇਰਾ ਗਰੋਹ ਦੇ ਮੈਂਬਰ ਗੱਡੀਆਂ ’ਤੇ ਜਾਅਲੀ ਨੰਬਰ ਦੀਆਂ ਪਲੇਟਾਂ ਲਗਾ ਕੇ ਕੁੱਝ ਸਮੇਂ ਤੋਂ ਸ਼ਹਿਰ ਸੁਨਾਮ ’ਚ ਏਟੀਐੱਮ ਵਿਚ ਪੈਸੇ ਕਢਵਾਉਣ ਵਾਲੇ ਭੋਲੇ ਭਾਲੇ ਲੋਕਾਂ ਦੇ ਪਿੱਛੇ ਖੜ੍ਹ ਕੇ ਗੱਲ੍ਹਾਂ ਵਿਚ ਵਰਗਲ੍ਹਾ ਕੇ ਜਾਅਲਸਾਜ਼ੀ ਨਾਲ ਮੱਦਦ ਕਰਨ ਦੇ ਬਹਾਨੇ ਚੋਰੀ ਅੱਖ ਨਾਲ ਏਟੀਐੱਮ ਦਾ ਪਿਨ ਨੰਬਰ ਦੇਖ ਲੈਂਦੇ ਸਨ ਤੇ ਫ਼ਿਰ ਚਲਾਕੀ ਨਾਲ ਕਾਰਡ ਫੜ ਕੇ ਮਿਲਦਾ ਜੁਲਦਾ ਫਰਜ਼ੀ ਏਟੀਐੱਮ ਕਾਰਡ ਬਦਲ ਕੇ ਲੋਕਾਂ ਨੂੰ ਦੇ ਦਿੰਦੇ ਸਨ। ਅਸਲ ਏਟੀਐੱਮ ਕਾਰਡ ਨੂੰ ਵਰਤ ਕੇ ਪੈਸੇ ਕਢਵਾ ਲੈਂਦੇ ਸਨ। ਕੁੱਝ ਰਕਮ ਪੇਅਟੀਐਮ ਰਾਹੀਂ ਟਰਾਂਸਫਰ ਕਰਕੇ ਕਿਸੇ ਦੁਕਾਨਦਾਰ ਤੋਂ ਪੈਸੇ ਹਾਸਲ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਬੈਂਕਾਂ ਦੇ ਬਰਾਮਦ ਹੋਏ 58 ਏਟੀਐੱਮ ਕਾਰਡਾਂ ਵਿਚੋਂ ਕੁੱਝ ਏਟੀਐਮ ਪੀੜਤ ਲੋਕਾਂ ਦੇ ਹਨ ਅਤੇ ਕੁੱਝ ਇਨ੍ਹਾਂ ਜੇਬ ਕਤਰਿਆਂ ਤੋਂ ਹਾਸਲ ਕੀਤੇ ਹਨ। ਏਟੀਐੱਮ ਕਾਰਡ ਦੇ ਆਧਾਰ ’ਤੇ ਪੀੜ੍ਹਤ ਲੋਕਾਂ ਬਾਰੇ ਵੀ ਤਸਦੀਕ ਕੀਤਾ ਜਾਵੇਗਾ।