ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਦਸੰਬਰ
ਕਰੀਬ ਪੰਜ ਦਿਨ ਪਹਿਲਾਂ ਲਹਿਰਾਗਾਗਾ ਵਿਖੇ ਨੌਜਵਾਨ ਦੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਕਤਲ ਦੇ ਮਾਮਲੇ ਦਾ ਪੁਲੀਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਪਤੀ ਦੇ ਅਗਵਾ ਹੋਣ ਤੇ ਕਤਲ ਕਰਨ ਦੇ ਦੋਸ਼ ਲਗਾ ਕੇ ਪੰਜ ਜਣਿਆਂ ਖ਼ਿਲਾਫ਼ ਝੂਠਾ ਕੇਸ ਦਰਜ ਕਰਾਉਣ ਵਾਲੀ ਮਰਹੂਮ ਦੀ ਪਤਨੀ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਉਸ ਨੇ ਆਪਣੇ ਪ੍ਰੇਮ ਸਬੰਧਾਂ ’ਚ ਰੋੜਾ ਸਮਝ ਕੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਵਾਇਆ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ (ਡੀ) ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ 10 ਦਸੰਬਰ ਨੂੰ ਅਮਨਦੀਪ ਸਿੰਘ ਉਰਫ ਹੈਪੀ ਪੁੱਤਰ ਈਸ਼ਰ ਸਿੰਘ ਵਾਸੀ ਗੋਬਿੰਦਪੁਰਾ ਪਾਪੜਾ ਹਾਲ ਕਿਰਾਏਦਾਰ ਵਾਰਡ ਨੰਬਰ 13 ਲਹਿਰਾ ਦਾ ਕਤਲ ਕੀਤਾ ਗਿਆ ਸੀ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ’ਤੇ ਥਾਣਾ ਲਹਿਰਾ ਵਿਖੇ ਮਲਕੀਤ ਸਿੰਘ, ਜਸਵੀਰ ਸਿੰਘ, ਸਤਪਾਲ ਸਿੰਘ ਉਰਫ ਸੱਤੀ ਵਾਸੀਆਨ ਬੱਲਰਾ, ਬਲਜਿੰਦਰ ਸਿੰਘ ਉਰਫ ਜੱਗੀ ਵਾਸੀ ਹਮੀਰਗੜ੍ਹ ਅਤੇ ਕੁਲਵੀਰ ਕੌਰ ਵਾਸੀ ਲਾਲਿਆਂਵਾਲੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਮਨਦੀਪ ਕੌਰ ਦੇ ਉਸ ਦੇ ਪਤੀ ਦੀ ਮਾਸੀ ਦੇ ਲੜਕੇ ਰਮਨਦੀਪ ਸਿੰਘ ਉਰਫ ਰਾਜੂ ਵਾਸੀ ਭੂਟਾਲ ਕਲਾਂ ਨਾਲ ਕਥਿਤ ਨਾਜ਼ਾਇਜ ਸਬੰਧ ਸਨ। ਦੋਵਾਂ ਨੂੰ ਅਮਨਦੀਪ ਸਿੰਘ ਰੜਕਦਾ ਸੀ। ਸਾਜ਼ਿਸ਼ ਤਹਿਤ 10 ਦਸੰਬਰ ਨੂੰ ਰਾਤ ਕਰੀਬ ਸਾਢੇ ਅੱਠ ਵਜੇ ਰਮਨਦੀਪ ਸਿੰਘ ਬਹਾਨੇ ਨਾਲ ਅਮਨਦੀਪ ਸਿੰਘ ਉਰਫ਼ ਹੈਪੀ ਨੂੰ ਸਕੂਟਰ ਸ਼ਿਵਾ ਕਲੋਨੀ ਵਿਚ ਲੈ ਗਿਆ, ਜਿਥੇ ਤੇਜ਼ਧਾਰ ਕੁਹਾੜੀ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਰਮਨਦੀਪ ਕੌਰ ਵੱਲੋਂ ਇਸ ਕਤਲ ਦਾ ਇਲਜ਼ਾਮ ਮਲਕੀਤ ਸਿੰਘ ਅਤੇ ਹੋਰਾਂ ਤੇ ਲਗਾ ਕੇ ਮਾਮਲਾ ਦਰਜ ਕਰਵਾ ਦਿੱਤਾ ਸੀ। ਪੁਲੀਸ ਨੇ ਵਿਗਿਆਨਕ ਢੰਗ ਨਾਲ ਮਾਮਲੇ ਦੀ ਤਫਤੀਸ਼ ਕਰਦਿਆਂ ਸਾਰੇ ਸੀਸੀਟੀਵੀਜ਼ ਦੀ ਫੁਟੇਜ਼ ਚੈਕ ਕੀਤੀ ਜਿਸ ਵਿਚ ਸਾਰੀ ਸਥਿਤੀ ਸਪਸ਼ਟ ਹੋ ਗਈ।