ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜਨਵਰੀ
ਸੰਗਰੂਰ ਪੁਲੀਸ ਨੇ ਹਾਈਵੇਅ ਲੁਟੇਰਿਆਂ ਦੇ ਅੰਤਰਰਾਜੀ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਰਾਜਾਂ ਵਿਚ 150 ਤੋਂ ਵੱਧ ਵਾਹਨਾਂ ਨੂੰ ਲੁੱਟਣ ਵਿਚ ਸ਼ਾਮਲ ਸੀ। ਗਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 12 ਵਾਹਨ ਬਰਾਮਦ ਕੀਤੇ ਗਏ ਹਨ। ਇਥੇ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਾਈਵੇਅ ਲੁਟੇਰਿਆਂ ਦੇ ਅੰਤਰਰਾਜੀ ਗਰੋਹ ਦੇ ਦੋ ਮੈਂਬਰਾਂ ਦਿਲਪ੍ਰੀਤ ਅਤੇ ਸਿਤਾਰ ਖਾਨ ਵਾਸੀ ਭਵਾਨੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ ਲੁੱਟ ਦੇ 12 ਵਾਹਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗਰੋਹ ਦੇ ਕਈ ਮੈਂਬਰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਸਰਗਰਮ ਹਨ ਅਤੇ ਹੁਣ ਤੱਕ 150 ਵਾਹਨਾਂ ਚੋਰੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਾਈਵੇਅ ਦੇ ਨਾਲ ਨਾਲ ਧਾਰਮਿਕ ਸਥਾਨਾਂ, ਢਾਬਿਆਂ, ਮਾਲਾਂ ਅਤੇ ਪਾਰਕਿੰਗ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਵਾਹਨਾਂ ਨੂੰ ਚਾਲੂ ਕਰਨ ਲਈ ਮਾਸਟਰ ਕੁੰਜੀ ਦੀ ਵਰਤੋਂ ਕਰਦੇ ਹਨ। ਚੋਰੀ ਹੋਏ ਵਾਹਨਾਂ ਦੀ ਚਾਸੀ ਅਤੇ ਇੰਜਣ ਨੰਬਰ ਬਦਲਣ ਲਈ ਸਿਸਟਮ ਲਗਾਇਆ ਗਿਆ ਹੈ। ਪੁਲੀਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਗਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ, ਜਦੋਂ ਕਿ ਗਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਗਿਰ ਉਰਫ਼ ਲਾਡੀ ਵਾਸੀ ਬਾਲਦ ਕੋਠੀ ਨਾਭਾ ਕੈਚੀਆਂ ਭਵਾਨੀਗੜ੍ਹ ਦੇ ਖ਼ਿਲਾਫ਼ ਥਾਣਾ ਨਾਭਾ ਵਿਚ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ, ਜਦੋਂ ਕਿ ਸਿਤਾਰ ਖਾਨ ਵਾਸੀ ਚਹਿਲਾਂ ਪੱਤੀ ਭਵਾਨੀਗੜ੍ਹ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਥਾਣਾ ਸਦਰ ਰਾਜਪੁਰਾ ਅਤੇ ਐਕਸਾਈਜ ਐਕਟ ਅਤੇ ਧੋਖਾਦੇਹੀ ਦੇ ਦੋਸ਼ ਹੇਠ ਥਾਣਾ ਭਵਾਨੀਗੜ੍ਹ ਵਿਚ ਵੀ ਪਹਿਲਾਂ ਕੇਸ ਦਰਜ ਹਨ।