ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਗਸਤ
ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਜਨਰਲ ਵਰਗ ਵਲੋਂ ਜਨਰਲ ਕੈਟਾਗਿਰੀ ਵੈਲਫ਼ੇਅਰ ਫੈਡਰੇਸ਼ਨ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਸੂਬਾ ਪੱਧਰੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਦਿਨ ਪਹਿਲੇ ਦੋਆਬਾ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ, ਸ਼ਿਆਮ ਲਾਲ ਸ਼ਰਮਾ ਚੀਫ ਆਰਗੇਨਾਈਜ਼ਰ, ਸਰਬਜੀਤ ਕੌਸ਼ਲ ਸਕੱਤਰ ਜਨਰਲ, ਰਮਨ ਮਹਿਰਾ ਜਨਰਲ ਸਮਾਜ ਮੰਚ, ਰਾਜ ਕੁਮਾਰ ਟੋਨੀ ਸੰਗਰੂਰ, ਮਾਸਟਰ ਅਵਤਾਰ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਸੰਘਾ, ਜਤਿੰਦਰਵੀਰ ਗਿੱਲ, ਰਵਿੰਦਰ ਜਠੇੜੀ ਸੋਨੀਪਤ ਰਾਸ਼ਟਰੀ ਜਾਤੀਗਤ ਆਰਕਸ਼ਨ ਵਿਰੋਧੀ ਪਾਰਟੀ, ਜੈਪਾਲ ਸੈਕਟਰੀ ਆਲ ਇੰਡੀਆ ਇਕੁਐਲਿਟੀ ਨੌਰਥ ਜ਼ੋਨ, ਜਗਜੀਤ ਸਿੰਘ ਗਿੱਲ ਜਨਰਲ ਸਕੱਤਰ ਕੰਢੀ ਕਿਸਾਨ ਯੂਨੀਅਨ ਭੁੱਖ ਹੜਤਾਲ ਵਿਚ ਸ਼ਾਮਲ ਹੋਏ। ਭੁੱਖ ਹੜਤਾਲ ਸ਼ੁਰੂ ਕਰਨ ਮੌਕੇ ਜਨਰਲ ਵਰਗ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਜਨਰਲ ਵਰਗ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਜਨਰਲ ਕੈਟਾਗਿਰੀ ਵੈਲਫ਼ੇਅਰ ਫੈਡਰੇਸ਼ਨ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਅਤੇ ਚੀਫ਼ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਦੋਸ਼ ਲਾਇਆ ਕਿ ਜਨਰਲ ਵਰਗ ਨੂੰ ਹੱਕਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਹੀਂ ਮਿਲਦਾ ਅਤੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਬਲਵੰਤ ਸਿੰਘ ਖ਼ਾਲਸਾ ਸਰਬ ਸਾਂਝੀਵਾਲਤਾ ਸੁਸਾਇਟੀ, ਸੋਹਨ ਲਾਲ ਸ਼ਰਮਾ ਕਨਵੀਨਰ ਸਰਬ ਸਾਂਝਾ ਭਲਾਈ ਮੰਚ ਪੰਜਾਬ, ਜੋਤਿੰਦਰ ਸਿੰਘ, ਅਵਤਾਰ ਸਿੰਘ ਭਲਵਾਨ ਤੇ 18 ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ।