ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਜੂਨ
ਪੰਜਾਬ ਭਰ ਤੋਂ ਪੁੱਜੇ ਸੈਂਕੜੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਇਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਦੇ ਘਿਰਾਓ ਦੌਰਾਨ ਧੱਕਾ-ਮੁੱਕੀ ਹੋਈ। ਘਿਰਾਓ ਦੌਰਾਨ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਜਬਰੀ ਦਫ਼ਤਰ ਵੱਲ ਵਧ ਰਹੇ ਸੀ ਤਾਂ ਪੁਲੀਸ ਵਲੋਂ ਸਖਤ ਨਾਕੇਬੰਦੀ ਕਰਕੇ ਰੋਕਿਆ ਜਾ ਰਿਹਾ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਧੱਕਾ-ਮੁੱਕੀ ਹੋਈ। ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਦਫ਼ਤਰ ਦਾ ਘਿਰਾਓ ਕਰਦਿਆਂ ਪ੍ਰਦਰਸ਼ਨ ਕੀਤਾ ਅਤੇ ਨਾਨਕਿਆਣਾ ਚੌਕ ਵਿਚ ਆਵਾਜਾਈ ਠੱਪ ਕਰ ਦਿੱਤੀ। ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਬੇਰੁਜ਼ਗਾਰ ਅਧਿਆਪਕ ਵੱਖ-ਵੱਖ ਜ਼ਿਲ੍ਹਿਆਂ ਤੋਂ ਇਥੇ ਬੀਐੱਸਐੱਨਐੱਲ ਪਾਰਕ ਵਿਚ ਇਕੱਠੇ ਹੋਏ, ਜਿਥੋਂ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਰੋਸ ਮਾਰਚ ਕਰਦੇ ਹੋਏ ਘਿਰਾਓ ਕਰਨ ਲਈ ਜਿਉਂ ਹੀ ਨਾਨਕਿਆਣਾ ਚੌਕ ’ਚ ਸਥਿਤ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਅੱਗੇ ਪੁੱਜੇ ਤਾਂ ਪੁਲੀਸ ਵਲੋਂ ਸਖਤ ਨਾਕੇਬੰਦੀ ਕੀਤੀ ਹੋਈ ਸੀ। ਪ੍ਰਦਰਸ਼ਨਕਾਰੀਆਂ ਨੇ ਜਿਵੇਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਧੱਕਾ-ਮੁੱਕੀ ਹੋਈ। ਰੋਹ ਵਿਚ ਆਏ ਬੇਰੁਜ਼ਗਾਰ ਅਧਿਆਪਕਾਂ ਨੇ ਜਿਥੇ ਦਫ਼ਤਰ ਦਾ ਘਿਰਾਓ ਕੀਤਾ ਉਥੇ ਨਾਨਕਿਆਣਾ ਚੌਕ ਵਿਚ ਆਵਾਜਾਈ ਠੱਪ ਕਰ ਦਿੱਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਜਰਨੈਲ ਸੰਗਰੂਰ, ਰਾਜਵਿੰਦਰ ਗੁਰਦਾਸਪੁਰ, ਸਲਿੰਦਰ ਕੰਬੋਜ, ਮਨੀ ਸੰਗਰੂਰ, ਕੁਲਦੀਪ ਖੋਖਰ, ਜੱਗਾ ਬੋਹਾ, ਮੰਗਲ ਮਾਨਸਾ, ਡਾ. ਪਰਵਿੰਦਰ ਲਹੌਰੀਆ, ਰਵਿੰਦਰ ਅਬੋਹਰ ਤੇ ਗੁਰਪ੍ਰੀਤ ਫ਼ਾਜ਼ਿਲਕਾ ਨੇ ਕਿਹਾ ਕਿ 16 ਮਈ ਨੂੰ 6635 ਈਟੀਟੀ ਅਧਿਆਪਕਾਂ ਦੀ ਭਰਤੀ ’ਤੇ ਰੋਕ ਹਟਣ ਤੋਂ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਦੀ ਭਰਤੀ ਨੂੰ ਪੂਰੀ ਕਰਨ ਦੇ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ, 5994 ਈਟੀਟੀ ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ 16 ਦਸੰਬਰ ਨੂੰ ਜਾਰੀ ਹੋ ਚੁੱਕਿਆ ਸੀ ਪਰ ਲਗਾਤਾਰ ਛੇ ਮਹੀਨਿਆਂ ਤੋਂ ਬਾਅਦ ਵੀ ਉਸ ਦਾ ਆਨਲਾਈਨ ਪੋਰਟਲ ਨਹੀਂ ਖੋਲ੍ਹਿਆ ਗਿਆ। 2364 ਈਟੀਟੀ ਅਧਿਆਪਕਾਂ ਦੀ ਭਰਤੀ ਹਾਲੇ ਤੱਕ ਮੁੜ ਬਹਾਲ ਨਹੀਂ ਹੋਈ ਤੇ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਤਿੱਖੇ ਰੂਪ ਵਿਚ ਸੰਘਰਸ਼ ਕੀਤੇ ਜਾਣਗੇ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂਨੀਅਨ ਨੂੰ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਨਵਰਾਜ ਸਿੰਘ ਨਾਲ 28 ਜੂਨ ਦੀ ਮੀਟਿੰਗ ਤੈਅ ਕਰਵਾਈ ਗਈ ਹੈ।