ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 1 ਅਕਤੂਬਰ
Clashes during Panchayat Elections in Punjab: ਜ਼ੀਰਾ ਵਿਖੇ ਮੰਗਲਵਾਰ ਨੂੰ ਮਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਕਾਂਗਰਸੀ ਵਰਕਰ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਜਾ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਨਾਮਜ਼ਦਗੀ ਭਰਨ ਤੋਂ ਰੋਕਣ ਲਈ ਇੱਟਾਂ-ਪੱਥਰਾਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਦੌਰਾਨ ਗੋਲੀਆਂ ਵੀ ਚੱਲੀਆਂ ਅਤੇ ਕੁਲਬੀਰ ਸਿੰਘ ਜ਼ੀਰਾ ਦੀ ਗੱਲ੍ਹ ਤੇ ਗੁਰਵਿੰਦਰ ਸਿੰਘ ਪਿੰਡ ਸੂਦਾਂ ਦੀ ਲੱਤ ਅਤੇ ਗੁੱਟ ਉੱਤੇ ਗੋਲੀਆਂ ਲੱਗੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਚਰਨਜੀਤ ਸਿੰਘ, ਵਾਸੀ ਪਿੰਡ ਕਾਮਲਵਾਲਾ, ਮਨੀ ਵਾਸੀ ਜ਼ੀਰਾ, ਹਰਪ੍ਰੀਤ ਸਿੰਘ ਕਾਲਾ ਵਾਸੀ ਪਿੰਡ ਮਨਸੂਰਦੇਵਾ, ਦਲਜੀਤ ਸਿੰਘ ਵਾਸੀ ਪਿੰਡ ਕੱਚਰਭੰਨ, ਕਿੱਕਰ ਸਿੰਘ ਵਾਸੀ ਪਿੰਡ ਪੰਡੋਰੀ ਜੱਟਾਂ, ਬੋਹੜ ਸਿੰਘ, ਗੁਰਜੰਟ ਸਿੰਘ ਵਾਸੀ ਵਸਤੀ ਗਾਮੇ ਵਾਲੀ ਆਦਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਸ ਮੌਕੇ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ, ਡੀਐਸਪੀ ਨਵੀਨ ਕੁਮਾਰ, ਡੀਐੱਸਪੀ ਫਤਿਹ ਸਿੰਘ ਬਰਾੜ, ਡੀਐੱਸਪੀ ਮਹਿਲ ਸਿੰਘ, ਐੱਸਐੱਚਓ ਕੰਵਲਜੀਤ ਰਾਏ ਸ਼ਰਮਾ, ਐੱਸਐੱਚਓ ਅਭਿਨਵ ਚੌਹਾਨ, ਏਐਸਆਈ ਸੁਰਜੀਤ ਸਿੰਘ ਵੱਲੋਂ ਸਥਿਤੀ ਤੇ ਕਾਬੂ ਪਾਉਣ ਲਈ ਹਵਾਈ ਫਾਇਰ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਸਰਪੰਚੀਆਂ ਦੇ ਕਾਗਜ਼ ਦਾਖਲ ਕਰਨੇ ਸਨ, ਪਰ ਪੰਜਾਬ ਪੁਲੀਸ ਵੱਲੋਂ ਸਵੇਰ ਤੋਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ, ਜਦੋਂ ਉਹ 2 ਵਜੇ ਦੇ ਕਰੀਬ ਕਾਗਜ਼ ਦਾਖਲ ਕਰਨ ਲਈ ਆਪਣੇ ਘਰ ਤੋਂ ਰਵਾਨਾ ਹੋਏ ਤਾਂ ਵੀ ਪੁਲੀਸ ਉਨ੍ਹਾਂ ਨੂੰ ਥਾਂ-ਥਾਂ ਉਤੇ ਰੋਕਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਵਾਲੀ ਜਗ੍ਹਾ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ। ਕੁਲਬੀਰ ਸਿੰਘ ਜ਼ੀਰਾ ਸਮੇਤ ਜ਼ਖ਼ਮੀ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ।