ਚਰਨਜੀਤ ਭੁੱਲਰ
ਚੰਡੀਗੜ੍ਹ, 6 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਨਾਜਾਇਜ਼ ਕਬਜ਼ਿਆਂ ਵਿੱਚੋਂ ਪੰਚਾਇਤੀ ਜ਼ਮੀਨਾਂ ਬਚਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪਿੱਠ ਥਾਪੜੀ ਹੈ, ਜਿਨ੍ਹਾਂ ਨੇ ‘ਜ਼ਮੀਨ ਬਚਾਓ’ ਮੁਹਿੰਮ ਤਹਿਤ ਹੁਣ ਤੱਕ ਕਰੀਬ ਤਿੰਨ ਸੌ ਏਕੜ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਟਾਏ ਗਏ ਨਾਜਾਇਜ਼ ਕਬਜ਼ਿਆਂ ਬਾਰੇ ਰਿਪੋਰਟ ਪੇਸ਼ ਕੀਤੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਮੰਤਰੀ ਧਾਲੀਵਾਲ ਨੂੰ ਹਦਾਇਤ ਕੀਤੀ ਕਿ ਪੰਚਾਇਤਾਂ ਦੀ ਜਾਇਦਾਦ ਬਚਾਉਣ ਲਈ ਮੁਹਿੰਮ ਜਾਰੀ ਰੱਖੀ ਜਾਵੇ। ਦੱਸਣਯੋਗ ਹੈ ਕਿ ਪੰਜਾਬ ਵਿੱਚ ਕਰੀਬ 36 ਹਜ਼ਾਰ ਏਕੜ ਪੰਚਾਇਤੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਹਨ, ਜਿਨ੍ਹਾਂ ਵਿੱਚੋਂ ਕਰੀਬ ਪੰਜ ਹਜ਼ਾਰ ਏਕੜ ਜ਼ਮੀਨ ਦੇ ਕਬਜ਼ਾ ਵਾਰੰਟ ਅਫ਼ਸਰਾਂ ਨੇ ਹਾਸਲ ਕੀਤੇ ਹੋਏ ਹਨ। ਪੰਚਾਇਤ ਮੰਤਰੀ ਨੇ ਸਿਸਵਾਂ ਨੇੜੇ ਲੰਮੇ ਅਰਸੇ ਤੋਂ ਹੋਏ ਨਾਜਾਇਜ਼ ਕਬਜ਼ੇ ਨੂੰ ਛੁਡਾ ਕੇ ‘ਜ਼ਮੀਨ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪਤਾ ਲੱਗਿਆ ਹੈ ਕਿ ਅੱਜ ਵੀ ਪੰਚਾਇਤ ਵਿਭਾਗ ਨੇ 75 ਏਕੜ ਤੋਂ ਨਾਜਾਇਜ਼ ਕਬਜ਼ਾ ਛੁਡਾਇਆ ਹੈ। ਪੰਚਾਇਤ ਮੰਤਰੀ ਕੋਲ ਹੁਣ ਕਾਫ਼ੀ ਕਾਬਜ਼ਕਾਰਾਂ ਨੇ ਖ਼ੁਦ ਹੀ ਪਹੁੰਚ ਕਰਕੇ ਕਬਜ਼ਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਜਿਨ੍ਹਾਂ ਕਾਬਜ਼ਕਾਰਾਂ ਦਾ ਪੰਜਾਹ-ਪੰਜਾਹ ਵਰ੍ਹਿਆਂ ਤੋਂ ਕਬਜ਼ਾ ਹੈ ਅਤੇ ਉਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਵਿੱਚ ਮਕਾਨ ਵੀ ਉਸਾਰ ਲਏ ਹਨ, ਉਨ੍ਹਾਂ ਵੱਲੋਂ ਜ਼ਮੀਨ ਦਾ ਮੁੱਲ ਪੰਚਾਇਤ ਵਿਭਾਗ ਨੂੰ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ‘ਆਪ’ ਸਰਕਾਰ ਦੀ ਇਸ ਮੁਹਿੰਮ ਦਾ ਚੰਗਾ ਸੁਨੇਹਾ ਗਿਆ ਹੈ ਅਤੇ ਕਾਬਜ਼ਕਾਰਾਂ ਵਿੱਚ ਖ਼ੌਫ਼ ਵੀ ਬਣਿਆ ਹੈ। ਸੂਤਰ ਦੱਸਦੇ ਹਨ ਕਿ ਕਾਬਜ਼ਕਾਰਾਂ ਨੇ ‘ਆਪ’ ਵਿਧਾਇਕਾਂ ਦੇ ਜ਼ਰੀਏ ਵੀ ਸਰਕਾਰ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵਿਧਾਇਕ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਨਰਮੀ ਵਰਤਣ ਲਈ ਆਖ ਰਹੇ ਹਨ। ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਹੌਸਲੇ ਵਿੱਚ ਆ ਗਏ ਹਨ, ਜੋ ਇਸ ਮਾਮਲੇ ’ਤੇ ਫ਼ਿਲਹਾਲ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ। ਬਹੁਤੇ ਕਾਬਜ਼ਕਾਰ ਉਹ ਵੀ ਹਨ, ਜਿਨ੍ਹਾਂ ਬਾਰੇ ਪਿੰਡਾਂ ਵਿੱਚ ਇਹ ਪਤਾ ਨਹੀਂ ਕਿ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਨੱਪੀ ਹੋਈ ਹੈ। ਅਜਿਹੇ ਕਾਬਜ਼ਕਾਰ ਹੁਣ ਬਦਨਾਮੀ ਦੇ ਡਰੋਂ ਜ਼ਮੀਨ ਛੱਡਣ ਨੂੰ ਤਿਆਰ ਹਨ ਜਾਂ ਫਿਰ ਜ਼ਮੀਨ ਦੀ ਕੀਮਤ ਦੇਣ ਨੂੰ ਤਿਆਰ ਹੋ ਗਏ ਹਨ।
ਡਿਵੀਜ਼ਨ ਪੱਧਰ ’ਤੇ ਅਧਿਕਾਰੀਆਂ ਨਾਲ ਮੀਟਿੰਗਾਂ ਜਾਰੀ: ਧਾਲੀਵਾਲ
ਪੰਚਾਇਤ ਮੰਤਰੀ ਇਸ ਗੱਲੋਂ ਉਨ੍ਹਾਂ ਅਧਿਕਾਰੀਆਂ ’ਤੇ ਖ਼ਫ਼ਾ ਵੀ ਹਨ, ਜਿਨ੍ਹਾਂ ਨੇ ਕਾਨੂੰਨੀ ਤੌਰ ’ਤੇ ਪੰਚਾਇਤੀ ਜ਼ਮੀਨਾਂ ਛੁਡਾਉਣ ਲਈ ਕੋਈ ਚਾਰਾਜੋਈ ਹੀ ਨਹੀਂ ਕੀਤੀ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਹਰ ਡਵੀਜ਼ਨ ਵਿੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਾਏ ਜਾ ਸਕਣ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਅਧਿਕਾਰੀ ਅੱਗੇ ਹੋ ਕੇ ਚੱਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵਿਭਾਗ ਦੇ ਦਾਗ਼ਦਾਰ ਅਧਿਕਾਰੀ ਪਛਾਣੇ ਗਏ ਹਨ, ਉਨ੍ਹਾਂ ਦੀ ਕੋਈ ਕੁਤਾਹੀ ਸਾਹਮਣੇ ਆਈ ਤਾਂ ਬਖ਼ਸ਼ੇ ਨਹੀਂ ਜਾਣਗੇ।