ਜਗਜੀਤ ਸਿੰਘ
ਮੁਕੇਰੀਆਂ, 19 ਜੂਨ
ਕੰਢੀ ਇਲਾਕੇ ਦੇ ਲੋਕਾਂ ਅਨੁਸਾਰ ਕਾਂਗਰਸ ਰਾਜ ਵਿੱਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜ਼ੀਆਂ ਦੇ ਰਾਜ ਦੌਰਾਨ ਇਲਾਕੇ ਦੇ ਪਿੰਡ ਭੱਲੋਵਾਲ, ਅਮਰੋਹ ਤੇ ਬਹਿਮਾਵਾ ’ਚ ਆਰੇ ਦੇ ਲਾਇਸੈਂਸ ਵਾਲੀਆਂ ਲੱਗੀਆਂ ਤਿੰਨ ਕੱਥਾ ਫੈਕਟਰੀਆਂ ਬਿਨਾਂ ਰੋਕ ਟੋਕ ’ਤੋਂ ਦਰੱਖ਼ਤਾਂ ਦੀ ਕਟਾਈ ਕਰਦੀਆਂ ਰਹੀਆਂ ਹਨ। ਉਦੋਂ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਜੰਗਲੀ ਦਰੱਖ਼ਤਾਂ ਦੀ ਹੁੰਦੀ ਕਟਾਈ ਖ਼ਿਲਾਫ਼ ਕਈ ਵਾਰ ਸ਼ਿਕਾਇਤ ਕੀਤੀ, ਪਰ ਡੈਮੇਜ ਰਿਪੋਰਟ ਵਿੱਚ ਸਿਰਫ਼ ਕੁਝ ਕੁ ਸੈਂਕੜੇ ਦਰੱਖ਼ਤ ਕੱਟੇ ਹੋਣ ਦੀ ਗੱਲ ਆਖ ਦਿੱਤੀ ਜਾਂਦੀ।
ਰੋਜ਼ਾਨਾ ਸ਼ਾਮ ਨੂੰ ਵੱਡੀ ਗਿਣਤੀ ਖੈਰ ਦੀ ਲੱਕੜ ਇਨ੍ਹਾਂ ਕੱਥਾ ਫੈਕਟਰੀਆਂ ਵਿੱਚ ਪੁੱਜਦੀ, ਪਰ ਕਾਗਜ਼ਾਂ ਵਿੱਚ ਇਸ ਦਾ ਜ਼ਿੰਮਾ ਹਿਮਾਚਲ ਪ੍ਰਦੇਸ਼ ਦੇ ਇੱਕ ਬਦਨਾਮ ਗਰੋਹ ਦੇ ਸਿਰ ਪਾ ਦਿੱਤਾ ਜਾਂਦਾ। ਜਾਣਕਾਰੀ ਅਨੁਸਾਰ ਬਹਿਮਾਵਾ ਵਿੱਚ ਲੱਗੀ ਹੋਈ ਕੱਥਾ ਫੈਕਟਰੀ ਦਫ਼ਾ ਚਾਰ ਰਕਬੇ ਅਧੀਨ ਲੱਗੀ ਹੋਈ ਹੈ, ਜਿੱਥੇ ਕੋਈ ਵੀ ਵਪਾਰਕ ਗਤੀਵਿਧੀ ਕਰਨ ਦੀ ਮਨਾਹੀ ਹੈ। ਕੰਢੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਿਛਲੇ ਪੰਜ ਸਾਲਾਂ ਵਿੱਚ ਹੋਈ ਖੈਰ ਦੀ ਕਟਾਈ ਅਤੇ ਆਰੇ ਦੇ ਲਾਇਸੈਂਸ ’ਤੇ ਚੱਲਦੀਆਂ ਰਹੀਆਂ ਇਨ੍ਹਾਂ ਕੱਥਾ ਫੈਕਟਰੀਆਂ ਸਣੇ ਤਤਕਾਲੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਇਨ੍ਹਾਂ ਕੱਥਾ ਫੈਕਟਰੀਆਂ ਖਿਲਾਫ਼ 2018 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕਰਨ ਵਾਲੇ ਕਰਾੜੀ ਤੇ ਬਹਿਮਾਵਾ ਦੇ ਪੰਚ ਬਿਧੀ ਚੰਦ, ਨੰਬਰਦਾਰ ਉੱਤਮ ਸਿੰਘ, ਕਪਿਲ ਮਹਿਤਾ, ਯਸ਼ਪਾਲ ਸਿੰਘ, ਰੇਸ਼ਮ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਹਿਮਾਵਾ ਵਿੱਚ ਲੱਗੀ ਏਬੀ ਕੱਥਾ ਫੈਕਟਰੀ ਸਮੇਤ ਹੋਰਾਂ ਖਿਲਾਫ਼ ਸ਼ਿਕਾਇਤ ਕੀਤੀ ਸੀ। ਪਹਿਲਾਂ ਤਾਂ ਵਿਭਾਗ ਨੇ ਲੰਮਾ ਸਮਾਂ ਸ਼ਿਕਾਇਤ ਨੂੰ ਅਣਗੌਲਿਆ ਕਰੀ ਰੱਖਿਆ, ਫਿਰ ਜਦੋਂ ਕਾਨੂੰਨੀ ਰਾਹ ਅਪਣਾਇਆ ਗਿਆ ਤਾਂ ਏਬੀ ਕੱਥਾ ਫੈਕਟਰੀ ਦੀ ਜਾਂਚ ਤਾਂ ਉੱਤਰੀ ਜ਼ੋਨ ਦੇ ਕੰਜ਼ਰਵੇਟਰ ਨੂੰ ਸੌਂਪੀ ਗਈ, ਪਰ ਜਾਂਚ ਕਰਨ ਵਿਭਾਗੀ ਰੇਂਜ ਅਫ਼ਸਰ ਹੀ ਪਹੁੰਚਿਆ। ਜਾਂਚ ਅਧਿਕਾਰੀਆਂ ਨੇ ਉਸ ਵੇਲੇ ਮੰਨਿਆ ਸੀ ਕਿ ਫੈਕਟਰੀ ਦੀ ਮਸ਼ੀਨਰੀ ਚਾਲੂ ਹਾਲਤ ਵਿੱਚ ਮਿਲੀ ਹੈ ਤੇ ਜੰਗਲ ਦੇ ਡੇਢ ਕਿਲੋਮੀਟਰ ਦੇ ਘੇਰੇ ਅੰਦਰ ਆਰੇ ਦੇ ਲਾਇਸੈਂਸ ’ਤੇ ਉਕਤ ਕੱਥਾ ਫੈਕਟਰੀ ਕਟਾਈ ਕਰ ਰਹੀ ਹੈ ਤੇ ਖੈਰ ਤੋਂ ਕੱਥਾ ਬਣਾਉਣ ਵੇਲੇ ਨਿਕਲਣ ਵਾਲਾ ਦੂਸ਼ਿਤ ਪਾਣੀ ਧੁੱਸੀ ਬੰਨ੍ਹ ਦੇ ਨਾਲ ਬਾਹਰ ਸੁੱਟਿਆ ਜਾ ਰਿਹਾ ਸੀ।
‘ਆਪ’ ਸਰਕਾਰ ਬਣਨ ਮਗਰੋਂ ਫੈਕਟਰੀਆਂ ਬੰਦ ਕਰਵਾਈਆਂ: ਵਿਧਾਇਕ ਘੁੰਮਣ
ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ‘ਆਪ’ ਸਰਕਾਰ ਬਣਨ ਮਗਰੋਂ ਆਰੇ ਦੇ ਲਾਇਸੈਂਸ ’ਤੇ ਚੱਲਦੀਆਂ ਤਿੰਨੇ ਕੱਥਾ ਫੈਕਟਰੀਆਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਨੂੰ ਸਥਾਪਤ ਕਰਨ ਅਤੇ ਚਲਾਉਣ ਸਬੰਧੀ ਜਾਂਚ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿੱਚ ਸ਼ਾਮਲ ਰਹੇ ਅਧਿਕਾਰੀਆਂ ਤੇ ਸਿਆਸੀ ਰਸੂਖਦਾਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਇਨ੍ਹਾਂ ਕੱਥਾ ਫੈਕਟਰੀਆਂ ਦੀ ਲੋੜ ਪੂਰਤੀ ਲਈ ਅੰਨ੍ਹੇਵਾਹ ਹੋਈ ਖੈਰ ਦੀ ਲੱਕੜ ਦੀ ਕਟਾਈ ਬਾਰੇ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।